ਇੱਕ ਤੰਦ ਸੂਰਜ ਦੀ
ਆ ਲੱਥੀ ਅੱਖ ਦੇ ਵਿਹੜੇ
***
ਚੰਨ ਸੇਕ ਲੱਗਣ 'ਤੇ ਰੋਇਆ
ਲੋਗੜ ਬਣਦਾ ਰਿਹਾ
***
ਪੂਣੀ ਚੰਨ ਦੀ ਬਣਾ ਕੇ ਅੱਖੀਆਂ
ਕੱਤ ਕੱਤ ਰੂਹ ਰੱਖ ਲਈ
***
ਰੂਹ ਟੁਰ ਪਈ ਸਫ਼ਰ 'ਤੇ ਹੱਸਦੀ
ਮਾਪਿਆਂ ਦਾ ਘਰ ਭੁੱਲ ਗਈ
***
ਰੂਹ ਖਸਮਾਂ ਲਿਤਾੜੀ ਐਸੀ
ਧੀਆਂ ਦੇ ਦਿਮਾਗ਼ ਹਿੱਲ ਗਏ
***
ਪੁੱਤ ਜੰਮੇ ਜੀ ਧੀਆਂ ਨੇ ਐਸੇ
ਝਲਿਆਂ ਦੀ ਥੋੜ ਨਾ ਰਹੀ
***
ਪਿਆ ਧਰਤੀ 'ਤੇ ਝੱਲ ਦਾ ਖਿਲਾਰਾ
ਅਕਲਾਂ ਨੂੰ ਰੋਣ ਆ ਗਿਆ
***
ਰੋਈਆਂ ਅਕਲਾਂ ਬਣਾ ਕੇ ਸ਼ਕਲਾਂ
ਮੱਤ 'ਚ ਫ਼ਤੂਰ ਆ ਗਿਆ
***
ਮੱਤ ਮਾਰ ਲਈ ਸਮੇਂ ਨੀ ਐਸੀ
ਹੱਸਣ ਦੀ ਵਿਹਲ ਨਾ ਰਹੀ
***
ਜਿਹੜੇ ਹੱਸਦੇ ਉਹ ਅੱਖ ਵਿੱਚ ਵੱਸਦੇ
ਰੋਂਦਿਆਂ ਨੂੰ ਪੈਣ ਕੁੱਕਰੇ
***
ਜਿਹਨਾਂ ਹਾਸਿਆਂ 'ਤੇ ਰੋਸਾ ਕੀਤਾ
ਉਹ ਟੁੱਕ ਟੁੱਕ ਖਾਣ ਉਂਗਲਾਂ
***
ਅੱਖ ਨਾਲ ਅੱਖ ਲੜ ਗਈ
ਸਾਡਾ ਮੁੱਕਿਆ ਅਜ਼ਲ ਦਾ ਝੇੜਾ