ਬੂਹਾ ਬਾਰੀ ਖੋਲ੍ਹਣ ਤੇ ਹੀ, ਲੋ ਆਓਂਦੀ ਏ।
ਵਰਨਾ ਓਸੇ ਹੀ ਘਰ ਅੰਦਰੋਂ, ਬੋ ਆਓਂਦੀ ਏ।
ਲੋਕਾਂ ਦੀ ਸੂਰਤ, ਆਦਤ, ਜੇ ਕੋਲੋਂ ਵੇਖੋ,
ਓਹ ਨਈਂ ਹੁੰਦੀ, ਸਾਨੂੰ ਨਜ਼ਰੀਂ ਜੋ ਆਓਂਦੀ ਏ।
ਮੰਦਾ ਕਰਕੇ ਚੰਗੇ ਦੀ ਉੱਮੀਦ ਨਾ ਰੱਖੀਂ,
ਕੀਤੀ ਹੁੰਦੀ ਏ ਜੋ, ਅੱਗੇ ਸੋ ਆਓਂਦੀ ਏ।
ਗੱਲਾਂ ਬਾਤਾਂ ਰਾਹੀਂ, ਮਹਿਕਾਂ ਵੰਡਣ ਚੰਗਾ,
ਕਲੀਆਂ ਜਾਂ ਮੂੰਹ ਖੋਲ੍ਹਣ, ਤੇ ਖ਼ੁਸ਼ਬੋ ਆਓਂਦੀ ਏ।
ਯਾਦ ਕਈ ਸੱਜਣਾ ਦੀ ਆਓਣੋ, ਮੁੜਦੀ ਨਾਹੀਂ,
ਪੈਂਡਾ ਕਰਕੇ ਰੋਜ਼, ਹਜ਼ਾਰਾਂ ਕੋਹ ਆਓਂਦੀ ਏ।
ਸ਼ੈਦ ਮੁਸੀਬਤ, ਨਾਲ ਹੇ ਹੈ ਮੰਗੀ ਹੋਈ,
ਮਗਰੇ ਮਗਰੇ ਜਿਧਰ ਵੀ ਜਾਓ, ਆਓਂਦੀ ਏ।
ਆਵੇ ਜਦ ਵੀ ਯਾਦ ਤਿਰੀ, ਕੱਲੀ ਹੀ ਆਵੇ,
ਬਾਕੀ ਯਾਦਾਂ ਦੇ ਦਰਵਾਜ਼ੇ, ਢੋ ਆਓਂਦੀ ਏ।
ਮੇਰੇ ਮੂੰਹ ਵਿਚ ਚੂਰੀ ਪਾਂਦੀ, ਮਾਂ ਕਹਿੰਦੀ ਸੀ,
ਅਕਲ ਬੜੀ ਪੁੱਤ, ਖਾ ਕੇ ਖੰਡ ਘਿਓ ਆਓਂਦੀ ਏ।
ਕੁਝ ਲੋਕਾਂ ਦੀ ਇੱਜ਼ਤ 'ਅਸ਼ਰਫ਼' ਬਾਲਾਂ ਵਰਗੀ,
ਖਾਂਦੀ ਨਿੱਤ ਚਪੇੜਾਂ, ਫਿਰ ਮੂੰਹ ਧੋ ਆਓਂਦੀ ਏ।