ਬੂਹਾ ਹੋੜ ਕੇ ਹੱਸੀ ਜਾਂਦੇ

ਬੂਹਾ ਹੋੜ ਕੇ ਹੱਸੀ ਜਾਂਦੇ।

ਆਸਾਂ ਤੋੜ ਕੇ ਹੱਸੀ ਜਾਂਦੇ।

ਜਿਨ੍ਹਾਂ ਨੂੰ ਮੈਂ ਰੱਤ ਪਿਆਈ,

ਰੱਤ ਨਿਚੋੜ ਕੇ ਹੱਸੀ ਜਾਂਦੇ।

ਜਿਹੜੇ ਬਾਗ਼ ਦੇ ਰਾਖੇ, ਉਹੋ,

ਫੁੱਲ ਤਰੋੜ ਕੇ ਹੱਸੀ ਜਾਂਦੇ।

ਸਹਿਮੀ ਹੋਈ ਮਖ਼ਲੂਕ ਨੂੰ 'ਡਰ' ਦਾ,

ਜਿੰਨ ਚਮੋੜ ਕੇ ਹੱਸੀ ਜਾਂਦੇ।

ਯਾਰ ਮਿਲਾ ਨਹੀਂ ਸਕਦੇ ਜਿਹੜੇ,

ਯਾਰ ਵਿਛੋੜ ਕੇ ਹੱਸੀ ਜਾਂਦੇ।

ਸਾਵੇਂ ਬਹਿ ਕੇ ਰੋਵਣ ਵਾਲੇ,

ਮੁੱਖੜਾ ਮੋੜ ਕੇ ਹੱਸੀ ਜਾਂਦੇ।

ਪਾਇਆ ਨ੍ਹੇਰ ਮਲਾਹਵਾਂ ਸੁਗ਼ਰਾ,

ਬੇੜੀ ਬੋੜ ਕੇ ਹੱਸੀ ਜਾਂਦੇ।

📝 ਸੋਧ ਲਈ ਭੇਜੋ