ਜਦ ਮੈਂ ਹੋਸ਼ ਸੰਭਾਲ਼ੀ
ਬਾਬਾ ਨਾਨਕ ਘਰ ਦੀ ਕੰਧ 'ਤੇ
ਲਟਕਦੇ ਕੈਲੰਡਰ 'ਤੇ ਭ੍ਰਮਣ ਕਰਦਾ ਦਿਸਿਆ
ਹੱਥ ਕਮੰਡਲ
ਗਲ਼ ਸੁੱਚੇ ਮੋਤੀਆਂ ਦੀ ਮਾਲ਼ਾ
ਸ਼ਾਹੀ ਚੋਲ਼ਾ
ਮੋਢੇ ਰੇਸ਼ਮੀ ਬੁਗਤੀ ਝੋਲ਼ਾ ।
ਮੇਰੇ ਬਾਲ ਮਨ ਸਿਮ੍ਰਤੀ 'ਚ
ਨਾਨਕ ਸ਼ਖ਼ਸ ਦਾ ਅਕਸ
ਰਾਜਕੁਮਾਰ ਵਾਲ਼ਾ ਅੰਕਤ ਹੋ ਗਿਆ।
ਮੈਂ ਗਭਰੇਟ ਹੋਇਆ
ਮਾਂ ਤੋਂ ਬਾਬੇ ਦੀਆਂ ਸਾਖੀਆਂ ਸੁਣੀਆਂ
ਗੀਤ ਸੁਣੇ
‘ਵਗਦੀ ਏ ਰਾਵੀ ਵਿੱਚ ਡਿੱਗਿਆ ਏ ਕਾਨਾ ਜੀ
ਅੱਗੇ ਗੁਰ ਨਾਨਕ ਪਿੱਛੇ ਬਾਲਾ ਮਰਦਾਨਾ ਜੀ
ਬਾਬੇ ਦੀ ਬਾਣੀ ਪੜ੍ਹੀ ਸੁਣੀ
"ਪਾਪ ਕੀ ਜੰਝ ਲੈ ਕਾਬਲਹੁ ਧਾਇਆ…’
" ਰਾਜੇ ਸੀਹ ਮੁਕਦਮ ਕੁਤੇ.."
ਮੈਨੂੰ ਬਾਬਾ ਕੋਈ ਕ੍ਰਾਂਤੀਕਾਰੀ ਲੱਗਣ ਲੱਗਾ
ਬਾਬੇ ਦਾ ਰਾਜਕੁਮਾਰ ਵਾਲ਼ਾ
ਸੋਭਾ ਸਿੰਘੀ ਬਿੰਬ ਤਿੜਕ ਗਿਆ
ਮੈ ਕੁਝ ਹੋਰ ਪ੍ਰੋੜ ਅਵਸਥਾ ਨੂੰ ਪੁੱਜਾ
ਗਿਆਨ ਹੋਇਆ ਬਾਬਾ ਸਿਰਫ਼ ਸਿੱਖਾਂ ਦਾ ਹੀ ਨਹੀ
ਸਰਬੱਤ ਲੋਕਾਈ ਦਾ ਸਾਂਝਾ ਸੀ
ਉਹ ਗੁਰੂ ਹੀ ਨਹੀਂ
ਵਲੀ ਪੀਰ ਫ਼ਕੀਰ ਪੈਗੰਬਰ ਔਲੀਆ ਸਭ ਕੁਝ ਸੀ
ਉਸਦੇ ਚੋਲ਼ਾ ਬਦਲਣ ਸਮੇਂ ਦੀ ਲੋਕ-ਗਾਥਾ ਸੁਣੀ
"ਨਾਨਕ ਸ਼ਾਹ ਫ਼ਕੀਰ ਹਿੰਦੂਆਂ ਦਾ ਗੁਰੂ ਮੁਸਲਿਮ ਦਾ ਪੀਰ"
ਬਾਬਾ ਮੈਨੂੰ ਸਰਬ ਸਾਂਝਾ ਗਲੋਬਲ ਮਨੁੱਖ ਲੱਗਾ
ਹੁਣ ਮੈ ਬਜ਼ੁਰਗੀ ਉਮਰਾ ਵਿੱਚ ਹਾਂ
ਬਾਬੇ ਦੀ ਬਾਣੀ ਤੇ ਉਸਦੇ ਉਚਾਰੇ ਸ਼ਬਦਾਂ ਦੇ ਅਰਥ
ਆਤਮਾ ਵਿੱਚ ਚਿਰਾਗ਼ਾ ਵਾਂਗ ਜਗਣ ਲੱਗੇ ਹਨ
ਮਨ 'ਚੋਂ ਸਭ ਧੁੰਦ ਮਿਟ ਰਹੀ ਹੈ
ਰੂਹ ਰੌਸ਼ਨ ਰੌਸ਼ਨ ਹੋ ਰਹੀ ਹੈ
ਉਸਦੇ ਉਚਾਰੇ ਮਹਾਂਵਾਕ
"ਅਰਬਦ ਨਰਬਦ ਧੰਧੂਕਾਰਾ".
ਤੇ
"ਪਾਤਾਲਾ ਪਾਤਾਲ ਲਖ ਆਗਾਸਾ ਆਗਾਸ"
ਪੜ੍ਹ ਸੁਣ
ਬਾਬਾ ਮਹਾਂ ਦਾਰਸ਼ਨਿਕ ਗਿਆਨੀ ਵਿਗਿਆਨੀ ਲੱਗਣ ਲੱਗਾ ਹੈ
ਸਾਰੇ ਗਗਨ ਦੇ ਥਾਲ ਵਿੱਚ ਸੂਰਜ ਚੰਦ ਸਿਤਾਰਿਆਂ ਨੂੰ
ਦੀਵਿਆਂ ਵਾਂਗ ਸਜਾ
ਸਗਲ ਕਾਇਨਾਤ ਦੀ ਅਲੌਕਿਕ ਆਰਤੀ ਉਤਾਰਦਾ
ਬਾਬਾ ਮੈਨੂੰ ਬ੍ਰਹਿਮੰਡੀ ਮਹਾਂਮਾਨਵ ਲੱਗਣ ਲੱਗਾ ਹੈ
ਮੈਨੂੰ ਇੰਜ ਲਗਦਾ ਹੈ ਮੈਂ
ਉਮਰ
ਸੁਰਤ
ਚੇਤਨਾ
ਅਵਚੇਤਨਾ
ਅਨੁਸਾਰ ਬਾਬੇ ਦੇ ਨਾਲ਼ ਨਾਲ਼ ਉਦਾਸੀਆਂ ਕਰ ਰਿਹਾਂ।