ਜੂਨ ਗੰਵਾਈ

ਕਾਹਦੇ ਬਦਲੇ 

ਰਹੇ ਭਟਕਦੇ 

ਉਡਦੀਆਂ ਪਿੱਛੇ 

ਦੌੜ ਦੌੜ 

ਪ੍ਰਛਾਵੇਂ ਫੜਦੇ

ਪਗ ਪਗ ਅੜਦੇ

ਕਰਨਾ ਕੀ ਸੀ

ਹੋਰ ਕਿਸੇ ਦਾ

ਆਪਣਾ ਵੀ ਕੁਝ

ਕਰ ਨਾ ਸਕੇ

ਕਰਨ ਲਈ ਕੁਝ

ਹੈ ਵੀ ਨਹੀਂ ਸੀ

ਬੱਸ ਐਵੇਂ

ਆਰਾਮ ਗਵਾਇਆ

ਕਾਗਤ ਦੀਆਂ

ਬੇੜੀਆਂ ਬਹਿ ਕੇ

ਰਹੇ ਠੇਲ੍ਹਦੇ

ਅਤੇ ਹਵਾ ਵੀ

ਲੋਟ ਨਹੀਂ ਸੀ

ਜੀਕਣ ਜੁਗ

ਜਗਰਾਤਾ ਕੱਟਿਆ

ਨ੍ਹੇਰਾ ਢੋ ਕੇ

ਦੀਵਾ ਵੱਟੀ

ਕੋਲ ਨਹੀਂ ਸੀ 

ਬੇਮੰਤਵ ਹੀ

ਹਰਕਤ ਕੀਤੀ 

ਚਲਦੇ ਰਹੇ

ਤੁਰੇ ਨਾ ਅੱਗੇ

ਤੇ ਹੁਣ ਜਾਪੇ

ਇਸ ਮਿੱਟੀ ਦੇ

ਭਾਂਡੇ ਨੂੰ ਹਨ

ਤਿਪ ਤਿਪ ਕਰ ਕੇ

ਚੋ ਚੱਲੇ ਨੇ

ਸਾਹ ਸਤ ਸਾਰੇ

ਮਿੱਟੀ ਨੇ ਮਿੱਟੀ ਰਲ ਜਾਣਾ

ਤੇ ਮਨ ਸੋਚੇ

ਜੂਨ ਗੰਵਾਈ

ਕਾਹਦੇ ਬਦਲੇ।

 

📝 ਸੋਧ ਲਈ ਭੇਜੋ