ਬੁਝਦਾ ਬੁਝਦਾ ਬੁਝ ਗਿਆ ਸੂਰਜ ਚਾਨਣ ਗੰਢ ਵਲ੍ਹੇਟੀ
ਸਾਗਰ 'ਤੇ ਆ ਨਿਸਲ ਹੋਈ ਧੁੰਦਲੀ ਸ਼ਾਮ ਸਲੇਟੀ
ਵਗ ਵਾਏ ! ਓ ਆਗਿਆਕਾਰੀ ਬਾਦਬਾਨ ! ਤਣ ਜਾ ਤੂੰ
ਮੇਰੇ ਹੇਠ ਉਬਲਦੇ ਸਾਗਰ ! ਸ਼ਾਂ ਸ਼ਾਂ ਸ਼ੋਰ ਮਚਾ ਤੂੰ
ਦੂਰ ਪਰੇ ਪੈਂਦਾ ਹੈ ਉਜਲੀ ਧਰਤੀ ਦਾ ਲਿਸ਼ਕਾਰਾ
ਮੇਰੇ ਦਿਲ ਦੀ ਧੜਕਣ ਬਣਿਆ ਟੂਣੇਹਾਰ ਕਿਨਾਰਾ
ਮੈਂ ਯਾਦਾਂ ਦੇ ਸ਼ਹੁ ਵਿੱਚ ਲੱਥਾ ਲਹਿਰਨ ਤਾਂਘਾਂ ਸਿੱਕਾਂ
ਦਿਲ ਨੂੰ ਤੁਣਕੇ ਵਜ ਵਜ ਜਾਂਦੇ ਰੂਹ ਨੂੰ ਪੈਂਦੀਆਂ ਖਿੱਚਾਂ
ਮੈਂ ਮੁੜ ਭਾਂਬੜ ਬਣ ਕੇ ਮੱਚਿਆ, ਅੱਖੀਓਂ ਨੀਰ ਵਹਾਵਾਂ
ਇਕ ਪਲ ਉੱਡਾਂ ਮਸਤੀ ਅੰਦਰ, ਇਕ ਪਲ ਗੋਤੇ ਖਾਵਾਂ
ਸਿਰ ਉਤੇ ਮੰਡਲਾਉਂਦੇ ਸੁਪਨੇ ਦੇ ਮੈਂ ਨਕਸ਼ ਪਛਾਣਾ
ਯਾਦ ਝਰੋਖੇ ਵਿਚੋਂ ਝਾਕੇ ਅੰਨ੍ਹਾ ਇਸ਼ਕ ਪੁਰਾਣਾ
ਨਾਲ ਜਾਗੀਆਂ ਸਭੇ ਪੀੜਾਂ, ਨਾਲ ਹੀ ਸਭੇ ਖੁਸ਼ੀਆਂ
ਸਿਰ ਚੁੱਕਿਆ ਭਰਮਾਊ ਰੀਝਾਂ, ਆਸਾਂ ਦਰਦਾਂ ਭਰੀਆਂ...
ਵਗ ਵਾਏ ! ਓ ਆਗਿਆਕਾਰੀ ਬਾਦਬਾਨ ! ਤਣ ਜਾ ਤੂੰ
ਮੇਰੇ ਹੇਠ ਉਬਲਦੇ ਸਾਗਰ ! ਸ਼ਾਂ ਸ਼ਾਂ ਸ਼ੋਰ ਮਚਾ ਤੂੰ
ਠਿਲ੍ਹ ਜਹਾਜ਼ਾ ! ਲੈ ਚਲ ਮੈਨੂੰ ਦੂਰ ਦੁਮੇਲਾਂ ਵੱਲੇ
ਜਿਥੇ ਕਪਟੀ ਸਾਗਰ ਹੋਏ ਫਿਰਦੇ ਪਾਗਲ ਝੱਲੇ
ਪਰ ਉਹਨਾਂ ਦਿਲਗੀਰ ਕੰਢਿਆਂ ਵੱਲੇ ਮੂੰਹ ਨਹੀਂ ਕਰਨਾ
ਧੁੰਦ-ਗਲੇਫੇ ਮੇਰੇ ਵਤਨੋਂ ਦੂਰ ਦੂਰ ਹੀ ਤਰਨਾ
ਓਸ ਦੇਸ ਤੋਂ ਜਿੱਥੇ ਮੇਰੇ ਜਜ਼ਬੇ ਸੁੱਚੇ ਸੱਚੇ
ਪਹਿਲੀ ਵਾਰੀ ਅੱਗ ਵੇਗ ਦੀ ਬਣ ਕੇ ਲਟ ਲਟ ਮੱਚੇ
ਜਿਥੇ ਕੋਮਲ-ਕਲਾ ਦੇਵੀਆਂ ਰਹਿਮਤ ਦੇ ਵਿਚ ਆਈਆਂ
ਲੁਕ ਛਿਪ ਕੇ ਸਨ ਮੇਰੇ ਉੱਤੇ ਉਹ ਹੱਸੀਆਂ ਮੁਸਕਾਈਆਂ
ਜਿੱਥੇ ਝੱਖੜ ਰਹੇ ਝੰਬਦੇ ਰਾਤ ਦਿਨੇ ਜ਼ਿੰਦਗਾਨੀ
ਇੰਜ ਸਮੇਂ ਤੋਂ ਪਹਿਲਾਂ ਮੇਰੀ ਉਜੜੀ ਮਸਤ ਜਵਾਨੀ
ਇਕ ਖੁਸ਼ੀ ਉਡਦੇ ਪੰਛੀ ਦਾ ਸਾਇਆ ਬਣ ਕੇ ਆਈ
ਅਤੇ ਸਦੀਵੀ ਜ਼ਾਲਮ ਪੀੜਾ ਮੇਰੀ ਝੋਲੀ ਪਾਈ
ਨਵ-ਅਨੁਭਵ ਦਾ ਖੋਜੀ ਬਣਿਆਂ, ਹੋ ਕੇ ਮੈਂ ਮਜ਼ਬੂਰ
ਵਤਨ ਮੇਰੇ ਮੈਂ ਛਡਕੇ ਤੈਨੂੰ, ਤੈਥੋਂ ਭੱਜਿਆ ਦੂਰ
ਪਲ-ਛਿਣ-ਉਮਰ ਜਵਾਨੀ ਵੇਲੇ ਪਲ ਦੋ ਪਲ ਦੇ ਯਾਰੋ
ਮੌਜ ਮੇਲਿਆਂ ਦੇ ਚਾਹਵਾਨੋ ਮੇਰੇ ਵਾਕਫ਼ਕਾਰੋ
ਤੁਰ ਚੱਲਿਆ ਹਾਂ ਛੱਡ ਤੁਹਾਨੂੰ ਰਾਜਦਾਨ ਜੋ ਮੇਰੇ
ਜਿਨ੍ਹਾਂ ਨਾਲ ਗੁਨਾਹ ਦੇ ਕੀਤੇ ਸਾਂਝੇ ਭੇਤ ਬਥੇਰੇ
ਜਿਨ੍ਹਾਂ ਪਿਆਰ-ਵਿਹੂਣਾਂ ਉੱਤੇ ਸਦਾ ਵਾਰਦਾ ਆਇਆ
ਸੁਖ, ਆਜ਼ਾਦੀ, ਮਹਿਮਾ ਆਪਣੀ, ਦਿਲ ਦਾ ਚੈਨ ਗੁਆਇਆ
ਮੇਰੇ ਬੇਵਫ਼ਾ ਹਾਣੀਓਂ ਸਭ ਨੂੰ ਭੁਲ ਭੁਲਾ ਕੇ
ਚਲਿਆ ਹਾਂ ਮੈਂ ਮੌਜ ਬਹਾਰਾਂ ਪਿਛੇ ਛਡ ਛੁਡਾ ਕੇ
ਐ ਪਰ ਦਿਲ ਦੀ ਪੀੜ ਪੁਰਾਣੀ ਕਦ ਸੌਂਦੀ ਕਦ ਮਰਦੀ
ਕੋਈ ਵੀ ਤਦਬੀਰ ਨਾ ਡੂੰਘਾ ਫੱਟ ਇਸ਼ਕ ਦਾ ਭਰਦੀ...
ਵਗ ਵਾਏ ! ਓ ਆਗਿਆਕਾਰੀ ਬਾਦਬਾਨ ! ਤਣ ਜਾ ਤੂੰ
ਮੇਰੇ ਹੇਠ ਉਬਲਦੇ ਸਾਗਰ ! ਸ਼ਾਂ ਸ਼ਾਂ ਸ਼ੋਰ ਮਚਾ ਤੂੰ