ਸਾਨੂੰ ਕੀ ਪਤਾ ਸੀ ਤੇਰੇ ਝੁਮਕੇ ਵੀ ਬੋਲਦੇ,
ਸਾਨੂੰ ਕੀ ਪਤਾ ਸੀ ਗੀਤ ਝਾਂਜਰਾਂ ਦੇ ਬੋਰ ਨੇ।
ਸਾਨੂੰ ਕੀ ਪਤਾ ਸੀ ਬਿੰਦੀ ਧਰਤੀ ਦਾ ਨਾਪ ਐ,
ਸਾਨੂੰ ਕੀ ਪਤਾ ਸੀ ਤੇਰਾ ਨਾਮ ਹੀ ਕੋਈ ਜਾਪ ਐ।
ਸਾਨੂੰ ਕੀ ਪਤਾ ਸੀ ਤੇਰੀ ਮੌਜ ਦੀ ਬਹਾਰ ਨੀਂ,
ਸਾਨੂੰ ਕੀ ਪਤਾ ਸੀ ਇਨ੍ਹਾਂ ਪੱਤਣਾਂ ਦੀ ਸਾਰ ਨੀਂ।
ਸਾਨੂੰ ਕੀ ਪਤਾ ਸੀ ਜਾਦੂ ਛਣਕਦੀ ਵੰਗ ਦਾ,
ਸਾਨੂੰ ਕੀ ਪਤਾ ਸੀ ਨਸ਼ਾ ਮਿੱਠੇ ਮਿੱਠੇ ਡੰਗ ਦਾ।
ਸਾਨੂੰ ਕੀ ਪਤਾ ਸੀ ਕੂੰਜ ਇਸ਼ਕੇ ਉਤਾਰਨੀ,
ਸਾਨੂੰ ਕੀ ਪਤਾ ਸੀ ਤੇਰੇ ਨੈਣਾਂ ਦੀ ਮੁਹਾਰਨੀ।
ਸਾਨੂੰ ਕੀ ਪਤਾ ਸੀ ਰਾਤ ਰਾਣੀਆਂ ਦਾ ਭਾਅ ਨੀਂ,
ਸਾਨੂੰ ਕੀ ਪਤਾ ਸੀ ਸਾਡਾ ਇੱਕੋ ਹੋਣੈ ਰਾਹ ਨੀਂ।