ਇੱਕ ਜਣੇ ਦੀ ਚੀਜ਼ ਗੁਆਚੀ ਭਲਕੇ ਚੇਤਾ ਆਵੇਗਾ

ਜਦ ਉਹ ਖਾਲੀ ਖੀਸੇ ਤਾਈਂ ਟੋਹੇਗਾ ਉਲਟਾਵੇਗਾ

ਉਹ ਕੋਸੇਗਾ ਕਦੇ ਸੀਰੀ ਨੂੰ, ਕਦੇ ਪਾਲੀ ਨੂੰ ਝਾੜੇਗਾ

ਸਿਹਰਿਆਂ ਨਾਲ ਵਿਆਹੀ ਉੱਤੇ ਕਦੇ ਲਾਲੀਆਂ ਤਾੜੇਗਾ

ਜੇਬ ਕਤਰਿਆਂ ਤਾਈ ਵੀ ਉਹ ਸੌ ਸੌ ਗਾਲ੍ਹ ਸੁਣਾਏਗਾ

ਜਦ ਉਹ ਖਾਲੀ ਖੀਸੇ ਤਾਈਂ ਟੋਹੇਗਾ ਉਲਟਾਵੇਗਾ

ਫਿਰ ਉਹ ਖੋਹੀ ਚੀਜ਼ ਦਾ ਟੇਵਾ ਪਾਂਡੇ ਤੋਂ ਲਗਵਾਏਗਾ।

ਸਾੜ੍ਹ-ਸਤੀ ਦਾ ਗੇੜ ਕਹਿ ਪਾਂਡਾ, ਕਰਮ-ਗੇੜ ਪਾਏਗਾ

ਉਹੀ ਕਰਮ-ਗੇੜ ਫਿਰ ਉਸ ਨੂੰ ਮ੍ਰਿਗ-ਤ੍ਰਿਸ਼ਨਾ ਦਿਖਲਾਵੇਗਾ

ਜਦ ਉਹ ਖਾਲੀ ਖੀਸੇ ਤਾਈਂ ਟੋਹੇਗਾ ਉਲਟਾਵੇਗਾ

ਫਿਰ ਉਹ ਖੋਹੀ ਚੀਜ਼ ਨੂੰ ਭਾਲਣ ਵਿਚ ਪ੍ਰਦੇਸਾਂ ਜਾਵੇਗਾ

ਉਥੋਂ ਵੀ ਉਹ ਲੈ ਕੁਝ ਸੰਸੇ, ਸੱਖਣੀ ਰੂਹ ਮੁੜ ਆਵੇਗਾ

ਕਰਜ਼ ਦਾ ਕੋੜਾ ਉਸ ਦੇ ਮਨ 'ਤੇ ਜਦ ਲਾਸਾਂ ਉਭਰਾਵੇਗਾ

ਤਦ ਲਾਸਾਂ ਦੀ ਚੀਸ 'ਚ ਉਸ ਨੂੰ ਚੋਰ ਦਾ ਚੇਤਾ ਆਵੇਗਾ

ਜਦ ਉਹ ਖਾਲੀ ਖੀਸੇ ਤਾਈ ਟੋਹੇਗਾ ਉਲਟਾਵੇਗਾ

📝 ਸੋਧ ਲਈ ਭੇਜੋ