ਬੁਝੂਗਾ ਦੀਪ ਤਾਂ ਰੌਸ਼ਨ ਤਿਰਾ ਚਿਹਰਾ ਰਹੇਗਾ।
ਰਹੇਂਗਾ ਤੂੰ ਘਰੇ ਤਾਂ ਘਰ ਕਿਵੇਂ ਨ੍ਹੇਰਾ ਰਹੇਗਾ।
ਸਫ਼ਰ ਤੇ ਨਿਕਲੇ ਹਾਂ ਤਾਂ ਕਦੇ ਨਾ ਸਾਥ ਛੱਡੀਂ,
ਜੇ ਛੱਡੇਂਗਾ, ਬਸੇਰਾ ਕਿਸ ਜਗ੍ਹਾ ਮੇਰਾ ਰਹੇਗਾ।
ਸਦਾ ਚੰਦਨ ਦੇ ਰੁੱਖਾਂ ਦੇ ਉਦਾਲੇ ਨਾਗ ਵੱਸਦੇ,
ਜੇ ਮਹਿਕੇਂਗਾ ਤਾਂ ਏਹੋ ਹਾਲ ਫਿਰ ਤੇਰਾ ਰਹੇਗਾ।
ਕਿਵੇਂ ਮਨਫ਼ੀ ਕਰੇਂਗਾ ਖ਼ਵਾਬ ਨੂੰ ਤੂੰ ਜ਼ਿੰਦਗੀ 'ਚੋਂ,
ਪਰਿੰਦੇ ਦਾ ਤਾਂ ਆਪਣੇ ਆਲ੍ਹਣੇ ਡੇਰਾ ਰਹੇਗਾ।
ਬਦਨ ਹੈਂ ਤੂੰ ਮਿਰਾ, ਦੁਖ-ਸੁਖ 'ਚ ਮੇਰੇ ਨਾਲ ਨਿਭਿਐਂ,
ਅਚਾਨਕ ਪਰ ਤਿਰੇ ਵਿਛੜਨ ਦਾ ਗਮ ਗਹਿਰਾ ਰਹੇਗਾ।
ਹਵਾ ਰੁਕਦੀ ਨਾ ਪਾਣੀ ਪੱਤਣਾਂ ਤੇ ਹੀ ਖੜੋਂਦੇ,
ਸਵੇਰੇ ਤੇ ਕਦੋਂ ਤਕ ਰਾਤ ਦਾ ਪਹਿਰਾ ਰਹੇਗਾ।
ਅਜੇਹੇ ਹਾਦਸੇ ਹੋਏ ਨੇ ਕਿ ‘ਅਜਮੇਰ’ ਹੁਣ ਤਾਂ,
ਜ਼ਮਾਨਾ ਸਾਜ਼ਿਸ਼ਾਂ ਦਾ ਜਾਪਦੈ ਡੇਰਾ ਰਹੇਗਾ।