ਬੁਲਾ ਲੈਂਦੀ ਮੈਂ ਖ਼ੁਦ ਵਾਪਸ ਅਗਰ

ਬੁਲਾ ਲੈਂਦੀ ਮੈਂ ਖ਼ੁਦ ਵਾਪਸ ਅਗਰ ਤੂੰ ਰੁਕ ਗਿਆ ਹੁੰਦਾ।

ਤੇਰੇ ਕਦਮਾਂ 'ਚ ਜਾਂਦੀ ਜੇ ਥੋੜਾ ਝੁਕ ਗਿਆ ਹੁੰਦਾ।

ਅਗਰ ਤੂੰ ਹਾਦਸੇ ਦੇਂਦਾ ਨਾ ਏਨੇ ਜ਼ਿੰਦਗਾਨੀ ਨੂੰ

ਤਾਂ ਸਾਰਾ ਸਿਲਸਿਲਾ ਹੀ ਸ਼ਾਇਰੀ ਦਾ ਮੁਕ ਗਿਆ ਹੁੰਦਾ

ਨਿਸ਼ਾਨਾ ਲਾ ਕੇ ਪੰਛੀ 'ਤੇ ਬੜਾ ਮਾਯੂਸ ਹੋਇਆ ਉਹ

ਮੇਰੇ ਮੌਲ਼ਾ ਨਿਸ਼ਾਨਾ ਓਸ ਦਾ ਹੀ ਉਕ ਗਿਆ ਹੁੰਦਾ

ਸਿਤਾਰੇ ਜੇ ਮੇਰੀ ਕਿਸਮਤ ਦੇ ਗਰਦਿਸ਼ ਵਿੱਚ ਨਾ ਹੁੰਦੇ

ਸਮੁੰਦਰ ਆਸ ਦਾ ਵਹਿੰਦਾ ਨਾ ਏਦਾਂ ਸੁੱਕ ਗਿਆ ਹੁੰਦਾ

ਤੇਰੀ ਆਮਦ 'ਤੇ ਮਨ ਮੰਦਿਰ ਦੇ ਸਾਰੇ ਦੀਪ ਜਗ ਪੈਂਦੇ

ਸੁਮੈਰਾ 'ਨੇਰ ਤੇਰੀ ਰੋਸ਼ਨੀ ਵਿਚ ਲੁਕ ਗਿਆ ਹੁੰਦਾ

📝 ਸੋਧ ਲਈ ਭੇਜੋ