ਬੁਲ੍ਹਾਂ 'ਤੇ ਜਦ ਹਾਸਾ ਹੁੰਦੈ,
ਦਿਲ ਵਿੱਚ ਰੋ ਲੈਂਦੇ ਨੇ ਲੋਕ ।
ਅੱਜ ਤਾਂ ਯਾਰੋ ਹਰ ਘਟਨਾ ਦੇ
ਮਤਲਬ ਦੋ ਲੈਂਦੇ ਨੇ ਲੋਕ ।
ਪੱਲੇ ਤੇਰੇ ਠੀਕਰੀਆਂ ਨੇ,
ਕਿਸ ਦਾ ਮਾਣੇਂਗਾ ਤੂੰ ਸਾਥ,
ਕੋਲ ਜਿਦ੍ਹੇ ਚਾਂਦੀ ਦੇ ਸਿੱਕੇ,
ਉਸ ਦੇ ਹੋ ਲੈਂਦੇ ਨੇ ਲੋਕ।
ਛੱਡ ਸਫ਼ੈਦੀ ਅਜ ਦੇ ਲੋਕੀਂ,
ਰੰਗਾਂ ਪਿੱਛੇ ਦੌੜੇ ਜਾਣ,
ਅਪਣਾ ਘਰ ਰੰਗਣ ਲਈ,
ਮਿੱਟੀ ਲਹੂ 'ਚ ਗੋ ਲੈਂਦੇ ਨੇ ਲੋਕ ।
ਅੰਤਰ ਹੈ ਤਾਂ ਨਾਵਾਂ ਦਾ ਹੀ
ਗਾਵਾਂ ਤੇ ਮੱਝਾਂ ਵਿਚਕਾਰ,
ਰਾਮਚੌਣੀਆਂ ਨੂੰ ਭਾੜਾ ਪਾ ਕੇ
ਚੋ ਲੈਂਦੇ ਨੇ ਲੋਕ ।
ਨੀਂਦ ਹੰਢਾਵਣ ਵਾਲੇ ਲੋਕੋ,
ਕਿੰਜ ਫੜੋਗੇ ਕਾਤਲ ਚੋਰ,
ਰਾਤੀਂ ਕਰ ਕੇ ਖ਼ੂਨ,
ਸੁਬ੍ਹਾ ਨੂੰ ਵਸਤਰ ਧੋ ਲੈਂਦੇ ਨੇ ਲੋਕ ।
ਮਿਰਜ਼ਾ ਭੇਜੋ ‘ਕੇਸ਼ੀ' ਏਥੇ,
ਨਹੀਂ ਪੈਣੀ ਰਾਂਝੇ ਨੂੰ ਖ਼ੈਰ,
ਵੇਖਦਿਆਂ ਕੋਈ ਮੁੰਦਰਾਂ ਵਾਲਾ,
ਬੂਹੇ ਢੋ ਲੈਂਦੇ ਨੇ ਲੋਕ ।