(ਇੰਦਰਾ ਗਾਂਧੀ ਦੀ ਚੰਡੀਗੜ੍ਹ ਯਾਤਰਾ ਸਮੇਂ)

ਅੱਜ ਇਹ ਸੜਕ ਬੰਦ ਹੈ?

ਦੇਸ ਦੀ ਮਲਿਕਾ ਅੱਜ ਲੰਘ ਰਹੀ ਇਸ ਸੜਕ ਤੇ।

1. 

ਆਦਿ ਕਾਲ ਤੋਂ ਅਸੀਂ ਬੁੱਤ ਦੇ ਪੁਜਾਰੀ ਹਾਂ,

ਇਹੋ ਸਾਡਾ ਧਰਮ-ਕਰਮ ਹੈ।

ਵਰਤਮਾਨ ਵਿਚ ਕੇਵਲ ਇਹੋ ਫਰਕ ਜਾਪਦਾ,

ਹਰ ਬੰਦਾ ਭਗਵਾਨ ਦੀ ਥਾਂ ਇਨਸਾਨ ਦਾ ਬੁੱਤ ਪੂਜ ਹੈ।

2. 

ਸੜਕ ਦੇ ਕਿਨਾਰੇ ਇਸ ਤਰ੍ਹਾਂ ਸੰਗੀਨਾਂ ਦੀ ਕਤਾਰ,

ਜਿਵੇਂ ਹਿੰਦ-ਪਾਕ ਯੁੱਧ ਦੀ ਤਿਆਰੀ ਹੋ ਰਹੀ।

ਜਾਂ ਦੁਹਰਾਇਆ ਜਾਣ ਲੱਗਾ ਮੁੜ ਮਹਾਂਭਾਰਤ ਦਾ ਕਿੱਸਾ।

ਲਾਹ ਨਾ ਦੇਵੇ ਅੱਜ ਵੀ ਦਰੋਪਦੀ ਦਾ ਚੀਰ ਕੋਈ।

ਕਿਵੇਂ ਪੇਸ਼ ਹੋਵੇ ਸੁਦਾਮਾ ਕ੍ਰਿਸ਼ਨ ਦੇ ਦਰਬਾਰ ਅੱਜ।

3. 

ਅੱਜ ਦੇ ਦਰਬਾਰ ਵਿਚ ਫਰਿਆਦ ਕੋਈ ਨਾ ਕਰ ਸਕੇ,

ਅੱਜ ਤਾਂ ਜਨਤਾ ਦਾ ਰਾਜ ਹੈ।

ਇਕ ਬੁੱਢੀ ਔਰਤ ਨੂੰ ਵੇਖ ਸਿਪਾਹੀ ਕੜਕਿਆ।

ਕੀ ਮਾਈ ਤੇਰੇ ਕੋਲ ਪਾਸ ਹੈ?

ਇਸ ਸੜਕ ਤੇ ਤੁਰਨ ਦਾ ਹੀਆ ਨਾ ਕੋਈ ਕਰ ਸਕੇ

ਅੱਜ ਦੇ ਦਰਬਾਰ ਵਿਚ ਪਾਸ ਹੋਲਡਰ ਹੀ ਜਾ ਸਕਦੇ ਹਨ।

4. 

ਇਕ ਬੁੱਧੀਜੀਵੀ ਵੀ ਟਪਕਿਆ ਇਸ ਸੜਕ ਤੇ,

ਵਾਸਤਾ ਹੈ ਲੰਘ ਜਾਣ ਦਿਉ ਮੈਨੂੰ

ਹਸਪਤਾਲ ਵਿਚ ਬੀਮਾਰ ਹੈ ਮੇਰਾ ਪੁੱਤਰ।

ਟੈਕਸੀ ਜੋਗੇ ਪੈਸੇ ਨਹੀਂ ਮੇਰੇ ਕੋਲ,

ਲੋਕਲ ਬੱਸ ਇਸ ਸੜਕ ਤੇ ਅੱਜ ਬੰਦ ਹੈ।

ਲੰਘ ਜਾਣ ਦਿਆਂ ਕਿਵੇਂ ਸਰਦਾਰ ਜੀ, ਸਿਪਾਹੀ ਬੋਲਿਆ,

ਇਹ ਮੇਰੀ ਨੌਕਰੀ ਦਾ ਸਵਾਲ ਹੈ।

ਤੇਰੇ ਪੁੱਤਰ ਦੀ ਖਾਤਰ ਖੋਹ ਕਿਵੇਂ ਲਵਾਂ ਮੈਂ ਆਪਣੇ ਪੁੱਤਰਾਂ ਦਾ ਟੁੱਕਰ।

5. 

ਇਹ ਸੁਣ ਤੁਰ ਪਿਆ ਬੁੱਧੀਜੀਵੀ ਵੀ,

ਕੀੜੀਆਂ ਦੇ ਭੌਣ ਵਾਂਗ ਤੁਰੀ ਜਾਂਦੀ ਜਨਤਾ ਦੇ ਨਾਲ।

ਕੌਣ ਕੇ ਬਦਲੇਗਾ ਇਸ ਭੇਡਾਂ ਦੀ ਚਾਲ ਨੂੰ।

ਕਿਹੜਾ ਗਜ਼ਨੀ ਤੋੜੇਗਾ ਇਨਸਾਨ ਦੇ ਇਸ ਬੁੱਤ ਨੂੰ?

📝 ਸੋਧ ਲਈ ਭੇਜੋ