ਚਾਨਣ ਵੀ ਕੁਛ ਕਰਾਂ ਮੈਂ, ਐਵੇਂ ਹੀ ਬਲ ਨ ਜਾਵਾਂ,
ਅੰਬਰ ਨੂੰ ਛੂਹਣੋਂ ਪਹਿਲਾਂ ਮਿੱਟੀ 'ਚ ਰਲ ਨ ਜਾਵਾਂ,
ਤਨ ਦੇ ਲਿਬਾਸ ਅੰਦਰ ਇੱਕ ਲਹਿਰ ਹਾਂ ਤੜਪਦੀ,
ਦਰਿਆ ਦਿਸੇ ਤਾਂ ਕੰਬਾਂ ਕਿਤੇ ਇਸ 'ਚ ਰਲ ਨ ਜਾਵਾਂ,
ਤੇਰੀ ਲਹਿਰ ਲਹਿਰ ਰੰਗ ਕੇ, ਮੈਂ ਤੇਰੇ 'ਚ ਅਸਤ ਹੋਣਾ,
ਰਾਹ ਵਿੱਚ ਨ ਸ਼ਾਮ ਪੈ ਜਏ, ਕਿਤੇ ਦੂਰ ਢਲ ਨ ਜਾਵਾਂ,
ਚਾਨਣ ਜਦੋਂ ਕਰੀਦਾ, ਤਾਂ ਸੇਕ ਵੀ ਜਰੀਦਾ,
ਏਦਾਂ ਨਹੀਂ ਕਰੀਦਾ ਹਾਇ ਮੈਂ ਬਲ ਨ ਜਾਵਾਂ,
ਅੱਜ ਕੱਲ੍ਹ ਉਹ ਵਾਕ ਬੁਣਦਾ, ਲਫਜ਼ਾਂ ਦੇ ਜਾਲ ਉਣਦਾ,
ਕਿਤੇ ਨਜ਼ਮ ਹੋਣੋਂ ਪਹਿਲਾਂ ਦਿਲ 'ਚੋਂ ਨਿੱਕਲ ਨ ਜਾਵਾਂ।