ੜਾੜਾ ਆਖਦਾ ੜਾੜ ਕਿਉਂ ਰੰਗਿਓ ਈ, ਵਿੱਚੋਂ ਏਸ ਬਦਕਾਰ ਨੂੰ ਕੱਢਣਾ ਸੀ।
ਰੋਜ਼ ਵਰਤ ਮਨਜ਼ੂਰ ਦਰਗਾਹ ਅੰਦਰ, ਝੂਠੇ ਲਫ਼ਜ਼ ਤੋਂ ਮੁੱਖੜਾ ਕੱਜਣਾ ਸੀ।
ਮੰਦੀ ਨੀਤ ਕੰਗਾਲ ਤਾ ਦੂਰ ਕਰਦਾ, ਤੂੰ ਤਾਂ ਸੱਤ-ਸੰਤੋਖ ਨ ਰੱਜਣਾ ਸੀ।
ਨੇਕ ਮਜਲਸਾਂ ਵਿਚ ਗੁਜ਼ਰਾਨ ਕਰਦਾ, ਬੁਰੀ ਸੋਹਬਤੋਂ ਉੱਠਕੇ ਭੱਜਣਾ ਸੀ।
ਉੱਤਮ ਜਨਮ ਬਦਖ਼ਸ਼ਾਂ ਦਾ ਲਾਲ ਹੈਂ ਤੂੰ, ਝੂਠਾ ਮੋਤੀਆਂ ਵਿੱਚ ਨਹੀਂ ਸੱਜਣਾ ਸੀ।
ਸੱਚ ਵਰਤ ਰੋਜ਼ਾ ਸਬਰ ਇੰਦਰੇ ਦਾ, ਕੁੱਲ ਵਿਸ਼ੇ-ਵਿਕਾਰ ਨੂੰ ਤੱਜਣਾ ਸੀ।
ਪਿੱਛਾ ਛੋੜਦਾ ਅਕਲ ਦੇ ਅੰਨ੍ਹਿਆਂ ਦਾ, ਬੰਦੇ ਮਗਰ ਸੁਜਾਖਿਆਂ ਲੱਗਣਾ ਸੀ।
ਜਿਨ੍ਹੇ ਪਕੜਕੇ ਤੈਨੂੰ ਗ੍ਰਿਫ਼ਤਾਰ ਕੀਤਾ, ਸੰਗਲ ਦੂਈ ਦੁਰਮਤ ਦਾ ਵੱਢਣਾ ਸੀ।
ਪ੍ਰੀਤ ਨਾਲ ਤੂੰ ਪੀਆ ਦੇ ਪਾਲਣੀ ਸੀ, ਪਾਸਾ ਏਸ ਪਰਪੰਚ ਦਾ ਛੱਡਣਾ ਸੀ।
ਝਾਤੀ ਮਾਰਦਾ ਤੂੰ ਅੰਤਰ-ਧਿਆਨ ਹੋ ਕੇ, ਜੇਕਰ ਯਾਰ ਨੂੰ ਅੰਦਰੋਂ ਲੱਭਣਾ ਸੀ।
ਮਹਿਲ-ਮਾੜੀਆਂ ਕਾਸ ਨੂੰ ਮੱਲੀਆਂ ਨੇ, ਜੇਕਰ ਭਾਰ ਜਹਾਨ ਤੋਂ ਲੱਦਣਾ ਸੀ।
ਦਯਾ ਸਿੰਘ ਨਾ ਮੌਤ ਮਲੂਮ ਤੈਨੂੰ, ਗੋਲਾ ਗ਼ਜ਼ਬ ਦਾ ਸੀਸ ਤੇ ਵੱਜਣਾ ਸੀ।