ੜਾੜਾ ੜਾੜ ਮਿਟਾਇ ਤੂੰ ਦਿਲ ਵਿਚੋਂ, ਜੇਕਰ ਸੰਤ ਪਿਆਰਿਆਂ ਹੋਵਣਾ ਈਂ

ਰੰਗਨਿ ਮਨ ਨੂੰ ਨਾਮ ਦੀ ਰੰਗਣਾ ਮੇਂ, ਲੀੜੇ ਰੰਗਕੇ ਜੋਗ ਹੋਵਣਾ ਈਂ । 

ਜੇਕਰ ਦਿਲ ਵਸਿਆ ਨਾਮ ਤੇਰੇ, ਮਾਲਾ ਤਸਬੀਆਂ ਦੱਸ ਕੀ ਖੋਵਣਾ ਈਂ

ਮਨਕਾ ਜਾਣ ਲੈ ਨਾਮ ਪਰਮਾਤਮਾ ਦਾ, ਧਾਗੇ ਚਿੱਤ ਦੇ ਵਿੱਚ ਪਰੋਵਣਾ ਈਂ। 

ਰਿਦਾ ਜਿਨ੍ਹਾਂ ਦੇ ਅੰਦਰੋਂ ਸਾਫ਼ ਨਾਹੀਂ, ਦੇਹੀ ਧੋਤਿਆਂ ਪਾਕ ਹੋਵਣਾ ਈਂ । 

ਵਿਚੋਂ ਮੈਲੜੇ ਦਿਲ ਦੇ ਕੱਪੜੇ ਨੂੰ, ਏਸ ਨਾਮ ਸਭੁਣ ਨੇ ਧੋਵਣਾ ਈਂ। 

ਦਸੇ ਇੰਦਰੇ ਰੋਕਣਾ ਮਨ ਤਾਈਨ, ਔਖਾ ਕਠਿਨ ਫ਼ਕੀਰ ਦਾ ਹੋਵਣਾ ਈਂ। 

ਜਿਉਂਦਾ ਮਰੇ ਤਾਂ ਫੇਰ ਸੁਰਜੀਤ ਹੋਵੇ, ਬੀਜ ਗਲੇ ਤਾਂ ਬਿਰਖ ਦਾ ਹੋਵਣਾ ਈਂ । 

ਪੂਰੇ ਗੁਰੂ ਦੇ ਮਿਲਣੇ ਬਾਝ ਬੰਦੇ, ਇਸ ਜੱਗ ਤੇ ਨ੍ਹੇਰੜਾ ਢੋਵਣਾ ਈਂ । 

ਸੰਗਤ ਕਰੀਂ ਤੂੰ ਸੰਤ ਮਹਾਤਮਾ ਦੀ, ਜਿਥੋਂ ਗਿਆਨ ਪਰਾਪਤੀ ਹੋਵਣਾ ਈਂ । 

ਦੀਵੇ ਮਚਦੇ ਤੋਂ ਦੂਸਰਾ ਜਗੇ ਦੀਵਾ, ਮਿਲਕੇ ਸੰਤ ਨੂੰ ਸੰਤ ਹੀ ਹੋਵਣਾ ਈਂ । 

ਓਸੇ ਵਕਤ ਹੀ ਓਸਨੂੰ ਕਰ ਸੋਨਾ, ਪਾਰਸ ਲੋਹੇ ਨਾਲ ਜਦ ਛੋਹਵਣਾ ਈਂ

ਬੰਦੇ ਦਿਨ ਜਾਵੇ ਰਾਤ ਧੰਧਿਆਂ ਮੇਂ, ਗ਼ਾਫ਼ਲ ਹੋਇਕੇ ਰਾਤ ਨੂੰ ਸੋਵਣਾ ਈਂ । 

ਨਾਮ-ਦਾਨ, ਸੇਵਾ ਨੇਕ ਅਮਲ ਕਰ ਲੈ, ਬੀਤ ਗਈ ਤੋਂ ਕੁੱਝ ਨਾ ਹੋਵਣਾ ਈ। 

ਸਦਾ ਰਹੇ ਨਾਹੀਂ ਜੁਆਨੀ ਬਾਲ ਵਸਤਾ, ਸਦਾ ਰਹਿਣਗੇ ਕਾਲੜੇ ਰੋਮ ਨਾਹੀਂ । 

ਕੌਲ ਆਪ ਤੂੰ ਨਾਲ ਜ਼ਬਾਨ ਕਰਕੇ, ਫਿਰਾਹੂ ਕਿਉਂ ਰੱਬ ਤੋਂ ਹੋਵਣਾ ਈ। 

ਛੁੱਟੀ ਕੱਟ ਲੈ ਬੰਦਿਆ ਜੱਗ ਉੱਤੇ, ਹਾਜ਼ਰ ਜਾਹਿ ਤਰੀਕ ਤੇ ਹੋਵਣਾ ਈ। 

ਜਦੋਂ ਜਮ ਨੇ ਆਣ ਕੇ ਧੌਲ਼਼ ਮਾਰੀ, ਪਛੋਤਾਵਸੇਂ ਬਣੂੰਗਾ ਰੋਵਣਾ ਈ। 

ਭਾਈ-ਬੰਦ ਨੇ ਜਮਾਂ ਦੀ ਧਾੜ ਅੱਗੇ, ਮਦਤਗਾਰ ਨਾ ਕਿਸੇ ਨੇ ਹੋਵਣਾ ਈ। 

ਜਮ ਧਾਰਕੇ ਰੂਪ ਕਸਾਈਆਂ ਦਾ, ਤੈਨੂੰ ਬੱਕਰੇ ਵਾਂਗਰਾਂ ਕੋਹਵਣਾ ਈ। 

ਓਦੋਂ ਡਰਨਗੇ ਦਰਦੀ ਯਾਰ ਤੇਰੇ, ਜਦੋਂ ਭੌਰ ਨੇ ਪਿੰਜਰੇ ਹੋਵਣਾ ਈ। 

ਜਿਸ ਘਰ ਵਿੱਚ ਗੁਜ਼ਾਰਲੀ ਉਮਰ ਸਾਰੀ, ਇੱਕ ਰਾਤ ਵੀ ਵੱਖ ਨਾ ਹੋਵਣਾ ਈ।

ਗਹਿਣੇ ਕੱਪੜੇ ਲਹਿਣਗੇ ਲਾਹ ਸਾਰੇ, ਤੈਨੂੰ ਖੜੂਆਂ ਕੇ ਖੋਹਵਣਾ ਈ। 

ਚਿੱਖਾ ਫੂਕਕੇ ਨਾ ਲਿਔਣ ਤੇਰਾ, ਪਿੰਡੇ ਨੌਣ ਜੇ ਕਪੜੇ ਧੋਵਣਾ । 

ਓੜਕ ਸਬਰ ਕਰ ਬਹਿਣਗੇ ਦੇਵਾ ਸਿੰਘਾ, ਦੋ ਦਿਨ ਕੂੜ ਦਾ ਪਿੱਟਨਾ ਰੋਵਣਾ

📝 ਸੋਧ ਲਈ ਭੇਜੋ