ਧੰਨ ਗੁਰੂ ਨਾਨਕ ਦੇਵ ਜੀ ਆਏ,
ਜੋ ਧਿਆਵੈ ਉਹ ਸੁਖ ਪਾਏ।
ਪਿਤਾ ਗੁਰਾਂ ਦੇ ਸ੍ਰੀ ਮਹਿਤਾ ਕਾਲੂ,
ਮਾਤਾ ਤਰਿਪਤਾ ਜੀ ਦੇ ਜਾਏ।
ਜਨਮ ਧਾਰਿਆ ਰਾਏ ਭੋਇ ਦੀ ਤਲਵੰਡੀ,
ਵੀਰ ਬੇਬੇ ਨਾਨਕੀ ਜੀ ਦੇ ਕਹਾਏ।
ਸੱਚਾ ਸੌਦਾ ਕੀਤਾ ਬਚਪਨ ਵੇਲੇ,
ਬੈਠੇ ਸਾਧੂਆਂ ਨੂੰ ਲੰਗਰ ਛਕਾਏ।
ਜਦ ਬੈਠੇ ਵਿੱਚ ਮੋਦੀਖਾਨੇ,
ਤੇਰਾ ਤੇਰਾ ਆਖ ਤੱਕੜ ਤੁਲਾਏ।
ਇੱਕੋ ਰੱਬ ਹੈ ਨਾ ਕੋਈ ਦੂਜਾ,
ਖੰਡਨ ਕੀਤੀ ਇਹਨਾਂ ਮੂਰਤੀ ਪੂਜਾ।
ਫੋਕਟ ਕਰਮਾਂ ਨੂੰ ਸੀ ਭੰਡਿਆ,
ਪਾਂਧੇ ਨੂੰ ਵੀ ਸਬਕ ਪੜ੍ਹਾਏ।
ਚਾਰ ਉਦਾਸੀਆਂ ਲਈ ਜਦ ਨਿਕਲੇ,
ਭਾਈ ਮਰਦਾਨਾ ਜੀ ਨਾਲ ਆਏ।
ਸੱਜਣ ਠੱਗ ਨੂੰ ਸਿੱਧੇ ਰਸਤੇ ਪਾਇਆ,
ਭਾਈ ਲਾਲੋ ਦੇ ਭਾਗ ਜਗਾਏ।
ਨਾਮ ਜਪਣ ਤੇ ਕਿਰਤ ਕਰਨ ਦੇ,
ਗੁਣ ਵੰਡ ਕੇ ਛਕਣ ਦੇ ਸਿਖਾਏ।
ਜਦ ਪਹੁੰਚੇ ਵਿੱਚ ਮੱਕੇ ਮਦੀਨੇ,
ਚਾਰੇ ਪਾਸੇ ਰੱਬ ਦਿਖਾਏ।
ਸਿਧ ਗੋਸ਼ਟ ਕੀਤੀ ਨਾਲ ਜੋਗੀਆਂ,
ਗ੍ਰਹਿਸਤ ਜੀਵਨ ਦੇ ਸੱਚ ਸਮਝਾਏ।
ਵਿਆਹ ਹੋਇਆ ਨਾਲ ਮਾਤਾ ਸੁਲੱਖਣੀ,
ਘਰ ਦੋ ਪੁੱਤਰਾਂ ਭਾਗ ਲਗਾਏ।
ਵਹਿਮ ਭਰਮ 'ਚੋਂ ਲੋਕਾਂ ਨੂੰ ਕੱਢਿਆ,
ਤਰਕ ਦੇ ਕੇ ਸੱਚ ਸਮਝਾਏ।
'ਸੋ ਕਉ ਮੰਦਾ ਆਖੀਐ' ਕਹਿ ਕੇ,
ਔਰਤਾਂ ਦੇ ਮਾਣ ਸੀ ਵਧਾਏ।
ਦਿੱਤਾ ਗੁਰਬਾਣੀ ਦਾ ਰੂਹਾਨੀ ਤੋਹਫਾ,
ਨਾਮ ਅਮਰ ਗੁਰਾਂ ਦਾ ਧਿਆਏ।
ਧੰਨ ਗੁਰੂ ਨਾਨਕ ਦੇਵ ਜੀ ਆਏ,
ਜੋ ਧਿਆਵੈ ਉਹ ਸੁਖ ਪਾਏ।