ਮੇਰੇ ਹਿਰਦੇ ਸਮਾਯਾ ਹੈ ਨਿਰਾਲਾ ਪਿਆਰ ਅਰਜਨ ਦਾ ।
ਮੈਨੂੰ ਹਰ ਜ਼ੱਰੇ ਦੇ ਅੰਦਰ, ਮਿਲੇ ਦੀਦਾਰ ਅਰਜਨ ਦਾ ।
ਉਹਨੂੰ ਕੀ ਲੋੜ ਸਵਰਗਾਂ ਦੀ, ਉਹਦੇ ਭਾਣੇ ਅਪੱਛਰਾਂ ਕੀਹ,
ਜਿਦ੍ਹੇ ਨੈਣਾਂ ਦੇ ਵਿੱਚ ਫਿਰਦਾ ਰਹੇ ਦਰਬਾਰ ਅਰਜਨ ਦਾ ।
ਕਿਰਨ ਜਲਵੇ ਦੀ ਜਰ ਸੱਕੇ, ਜਦੋਂ ਮਨਸੂਰ ਹੋਰੀਂ ਨਾ,
ਉਦੋਂ ਸ਼ਾਂਤੀ ਦੇ ਦੱਸਣ ਲਈ ਹੋਯਾ ਅਵਤਾਰ ਅਰਜਨ ਦਾ ।
ਕਟਾਈ ਇੱਕ ਇੱਕ ਪੋਰੀ ਸ਼ਹੀਦੀ ਪੂਰੀ ਲੈ ਲੀਤੀ,
ਸਮਝ ਲੀਤਾ ਮਨੀ ਸਿੰਘ ਨੇ ਜਦੋਂ ਉਪਕਾਰ ਅਰਜਨ ਦਾ ।
ਦਿੱਸੇ ਚੇਹਰਾ ਨੂਰਾਨੀ ਉਹ, ਪਿਆ ਜ਼ੱਰੇ ਦੇ ਸ਼ੀਸ਼ੇ ਵਿੱਚ,
ਦਿਖਾਵਨ ਰਾਤ ਨੂੰ ਤਾਰੇ ਮੈਨੂੰ ਚਮਕਾਰ ਅਰਜਨ ਦਾ ।
ਪਵੇ ਚੰਦੂ ਸਵਾਹੀਏ ਦੀ ਉਹ ਓੜਕ ਜੂਨ ਵਿੱਚ ਮਰ ਕੇ,
'ਸ਼ਰਫ਼' ਕੀਤਾ ਨਹੀਂ ਜਿਸਨੇ ਅਦਬ ਸਤਿਕਾਰ ਅਰਜਨ ਦਾ ।