ਇਹ ਜਿੰਨਾ ਸੌਖਾ ਲਗਦਾ ਏ
ਹੱਥੀਂ ਖ਼ੁਦ ਦਾ ਚਿਹਰਾ ਧੋਣਾ
ਓਨਾ ਹੀ ਮੁਸ਼ਕਿਲ ਹੁੰਦਾ ਏ
ਖ਼ੁਦ ’ਚੋਂ ਖ਼ੁਦ ਹੀ ਮਨਫ਼ੀ ਹੋਣਾ।
ਰੁੱਸਣ ਨੂੰ ਤਾਂ ਜੱਗ ਰੁੱਸ ਜਾਂਦਾ
ਸ਼ਿਕਵਿਆਂ ਦੇ ਖੰਜਰ ਨੂੰ ਫੜ ਕੇ
ਸੱਚ ਨੂੰ ਲੋੜ ਨਹੀਂ ਪਰਦੇ ਦੀ
ਝੂਠ ਕਰੂ ਕੀ ਸਾਹਵੇਂ ਅੜ ਕੇ।
ਫੁੱਲ ਹਰੇਕ ਹੀ ਖ਼ੁਸ਼ ਹੋ ਸੁੰਘਦਾ
ਕੌਣ ਕੰਡਿਆਂ ਦਾ ਦਰਦ ਪਛਾਣੇ
ਉਹ ਤਾਂ ਫੁੱਲ ਦੀ ਰਾਖੀ ਕਰਦੇ
ਫੇਰ ਵੀ ਸਭ ਲਈ ਉਹ ਨਿਤਾਣੇ।
ਇੱਕ ਕ੍ਰਿਸ਼ਮਾ ਅੱਖ ਪਈ ਲੋਚੇ
ਥਲ ਨੂੰ ਸਾਗਰ ਗਲ ਨਾਲ ਲਾਏ
ਵਣ ਤ੍ਰਿਣ ਮੌਲੇ ਪੌਣ ਰੁਮਕਦੀ
ਬੱਸ ਇੱਕ ਵਾਰ ਤੂੰ ਦਿਸ ਪਾ ਵਾਏ।
ਸੂਰਜ ਵੱਡਾ ਜਾਂ ਚੰਨ ਹੈ ਛੋਟਾ
ਇਹ ਵੀ ਦੱਸਣ ਦੀ ਲੋੜ ਹੈ ਕੀ
ਅੱਖ ਦੀ ਪੁਤਲੀ ਸਭ ਪਛਾਣੇ
ਕਿਰਨ, ਰਿਸ਼ਮ ਦੀ ਤੋਰ ਹੈ ਕੀ।