ਜਿਨ੍ਹਾਂ ਰੰਨਾਂ ਦੇ ਮਰਦ ਕਮਾਊ ਹੁੰਦੇ

ਜਿਨ੍ਹਾਂ ਰੰਨਾਂ ਦੇ ਮਰਦ ਕਮਾਊ ਹੁੰਦੇ,

ਖੁੱਲ੍ਹ ਕੇ ਵਿਚ ਸ਼ਰੀਕੇ ਦੇ ਬਹਿੰਦੀਆਂ ਨੇ

ਜਿਵੇਂ ਅੱਲੜ੍ਹ ਜਵਾਨੀ ਦੇ ਸਮੇਂ ਅੰਦਰ,

ਚੁੰਨੀਆਂ ਸਿਰਾਂ ਤੋਂ ਲਹਿ ਲਹਿ ਪੈਂਦੀਆਂ ਨੇ

ਜਿਹਨਾਂ ਮਾਵਾਂ ਦੇ ਪੁੱਤ ਨਲਾਇਕ ਹੁੰਦੇ,

ਉਹ ਬਾਹਰ ਸ਼ਰੀਕਿਓਂ ਰਹਿੰਦੀਆਂ ਨੇ

ਜਿਹੜੀਆਂ ਇੱਟਾਂ ਚੌਬਾਰਿਓਂ ਡਿੱਗਦੀਆਂ ਨੇ,

ਉਹ ਸਿੱਧੀਆਂ ਮੋਰੀ 'ਚ ਪੈਂਦੀਆਂ ਨੇ

ਜਦੋਂ ਆਪਣੀ ਜੇਬ ਤੋਂ ਫਾਂਕ ਹੋਈਏ,

ਕਦੋਂ ਯਾਰੀਆਂ ਗੂੜ੍ਹੀਆਂ ਰਹਿੰਦੀਆਂ ਨੇ

ਜਿਹਨਾਂ ਟਾਹਣੀਆਂ ਨਾਲ ਨਾ ਫੁੱਲ ਲੱਗਣ,

ਉਹਨਾਂ ਉੱਤੇ ਨਾ ਬੁਲਬੁਲਾਂ ਬਹਿੰਦੀਆਂ ਨੇ

ਮਾਲਦਾਰਾਂ ਨੂੰ ਦੁੱਖ ਵਧੀਕ ਹੁੰਦੇ,

ਏਨੀ ਗੱਲ ਨਾ ਖ਼ਲਕਤਾਂ ਵਿੰਹਦੀਆਂ ਨੇ

ਜਿਹੜੀ ਬੇਰੀ ਨੂੰ ਲੱਗਦੇ ਬੇਰ ਬਹੁਤੇ,

ਇੱਟਾਂ ਓਸੇ ਨੂੰ ਬਹੁਤੀਆਂ ਪੈਂਦੀਆਂ ਨੇ

ਅੱਖਾਂ ਖੁੱਲ੍ਹਦੀਆਂ ਤੇ ਹੋਸ਼ਾਂ ਆਉਂਦੀਆਂ ਨੇ,

ਜਦੋਂ ਆਣ ਸਿਰ 'ਤੇ ਭੀੜਾਂ ਪੈਂਦੀਆਂ ਨੇ

ਗਿਰੀਆਂ ਉਦੋਂ ਬਦਾਮਾਂ 'ਚੋਂ ਬਾਹਰ ਆਵਣ,

ਜਦੋਂ ਉਹਨਾਂ ਉੱਤੇ ਸੱਟਾਂ ਪੈਂਦੀਆਂ ਨੇ

ਜਦੋਂ ਪਾਣੀ ਦਰਿਆਵਾਂ 'ਚੋਂ ਮੁੱਕ ਜਾਂਦੇ,

ਕਦੋਂ ਮੱਛੀਆਂ ਜਿਊਂਦੀਆਂ ਰਹਿੰਦੀਆਂ ਨੇ

ਜਦੋਂ ਆਣ ਮਕਾਨ ਨੂੰ ਕੇਹ ਲੱਗਦੀ,

ਕੰਧਾਂ ਆਪਣੇ ਆਪ ਫਿਰ ਢਹਿੰਦੀਆਂ ਨੇ

📝 ਸੋਧ ਲਈ ਭੇਜੋ