ਕੌਮ ਦੇ ਗ਼ੱਦਾਰੋ ਤੇ ਪੁਕਾਰੋ ਕੁਸਕਾਰੋ ਹੁਣ,
ਗਏ ਹੋਏ ਫ਼ਰੰਗੀਆਂ ਨੂੰ ਮੁੜ ਕੇ ਬੁਲਾਈ ਜਾਓ ।
ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਟੋਟੇ ਕੀਤੀਆਂ ਨੇ,
ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ ।
ਖਾਈ ਜਾਓ ਖਾਈ ਜਾਓ ਭੇਤ ਕਿਨ੍ਹੇਂ ਖੋਹਲਣੇ ਨੇ,
ਵਿਚੋਂ ਵਿਚ ਖਾਈ ਜਾਓ ਉੱਤੋਂ ਰੌਲਾ ਪਾਈ ਜਾਓ ।
ਭੁੱਖਾਂ ਕੋਲੋਂ ਹੋ ਕੇ ਤੰਗ ਲੋਕਾਂ ਬਾਂਗਾਂ ਦਿੱਤੀਆਂ ਨੇ,
ਕੋਰਮਾ ਪਿਲਾਓ ਰੱਜ ਘਰਾਂ 'ਚ ਉਡਾਈ ਜਾਓ ।
ਚਾਰੇ ਪਾਸੇ ਕਬਰਾਂ ਨੇ ਉੱਡਦੀ ਪਈ ਹੈ ਮਿੱਟੀ,
ਪੱਖੀਵਾਸ ਪੈਦਾ ਕਰੋ ਕੋਠੀਆਂ ਬਣਾਈ ਜਾਓ ।
ਚਾਚਾ ਦੇ ਭਤੀਜੇ ਨੂੰ ਭਤੀਜਾ ਦੇਵੇ ਚਾਚੇ ਤਾਈਂ,
ਆਪੋ ਵਿਚ ਵੰਡੀ ਜਾਓ, ਆਪੋ ਵਿਚ ਖਾਈ ਜਾਓ ।
ਅੰਨ੍ਹਾ ਮਾਰੇ ਅੰਨ੍ਹੀ ਨੂੰ ਘਸੁੰਨ ਵੱਜੇ ਥੰਮ੍ਹੀ ਨੂੰ,
ਜਿੰਨੀ ਅੰਨ੍ਹੀ ਪੈ ਸਕੇ ਓਨੀ ਅੰਨ੍ਹੀ ਪਾਈ ਜਾਓ ।
ਮਰੀ ਦੀਆਂ ਚੋਟੀਆਂ 'ਤੇ ਛੁੱਟੀਆਂ ਬਤੀਤ ਕਰ,
ਗ਼ਰੀਬਾਂ ਨੂੰ ਕਸ਼ਮੀਰ ਵਾਲੀ ਸੜਕ ਉੱਤੇ ਪਾਈ ਜਾਓ ।
ਢਿੱਡ ਭਰੋ ਆਪਣੇ ਤੇ ਇਹਨਾਂ ਦੀ ਹੈ ਲੋੜ ਕਾਹਦੀ,
ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ ।
ਬੰਦ ਜੇ ਸ਼ਰਾਬ ਕੀਤੀ ਵਾਰੇ ਜਾਈਏ ਬੰਦਸ਼ਾਂ ਦੇ,
ਘਰੋ-ਘਰੀ ਪੇਟੀਆਂ ਤੇ ਪੇਟੀਆਂ ਪੁਚਾਈ ਜਾਓ ।
ਤੋਲਾ ਮਾਸਾ ਰੋਲ ਕੇ ਗ਼ਰੀਬਾਂ ਦੀ ਕਮਾਈ ਵਿਚੋਂ,
ਕਾਰਾਂ ਅਤੇ ਕਾਰਾਂ ਅਮਰੀਕਾ ਤੋਂ ਮੰਗਾਈ ਜਾਓ ।
ਖਾਈ ਜਾਓ ਖਾਈ ਜਾਓ ਭੇਤ ਕਿਨ੍ਹੇਂ ਖੋਹਲਣੇ ਨੇ,
ਵਿਚੋਂ ਵਿਚ ਖਾਈ ਜਾਓ ਉੱਤੋਂ ਰੌਲਾ ਪਾਈ ਜਾਓ ।