ਦਸਮੇਸ਼ ਪਿਤਾ ਨੇ ਵਿੱਚ ਅਨੰਦਪੁਰ ਸਾਜਕੇ ਪੰਜ ਪਿਆਰੇ ,
ਦਾਤ ਅੰਮ੍ਰਿਤ ਦੀ ਦੇਕੇ ਸਤਿਗੁਰ ਜੀ ਨੇ ਬਚਨਉਚਾਰੇ ।
ਨਾ ਕੋਈ ਖੱਤਰੀ, ਜੱਟ ਤੇ ਛੀਂਬਾ ਨਾ ਕੋਈ ਝੀਬਰ ਨਾਈ ,
ਕੇਵਲ ਖਾਲਸਾ ਤੁਸੀਂ ਹੋ ਅੱਜ ਤੋਂ ਜਾਤ ਤੇ ਪਾਤ ਮਿਟਾਈ ।
ਕੇਸ, ਕੰਘਾ, ਕਿਰਪਾਨ, ਕਛਹਿਰਾ, ਕੜਾ ਕਕਾਰ ਸਜਾਕੇ ,
ਪੂਜਾ ਇੱਕ ਅਕਾਲ ਦੀ ਕਰਨੀ ਸਦਾ ਹੀ ਮਨ ਚਿੱਤ ਲਾਕੇ ।
ਤੰਤਰ ਮੰਤਰ ਟੂਣੇ ਟਾਮਣ ਭਰਮਾਂ ਵਿੱਚ ਨਹੀ ਪੈਣਾ ,
ਮੜ੍ਹੀ ਮਸਾਣੀ ਕਬਰਾਂ ਗੋਰਾਂ ਤੇ ਜਾਕੇ ਨਹੀਂ ਬਹਿਣਾ ।
ਪਰ ਇਸਤਰੀ ਗਾਮੀ ਨਹੀਂ ਹੋਣਾ ਕੇਸ ਨਾ ਕਤਲ ਕਰਾਉਣੇ ,
ਕੁੱਠਾ ਮਾਸ ਤੰਮਾਕੂ ਮਾੜਾ ਕਦੇ ਨਾ ਮੂੰਹ ਨੂੰ ਲਾਉਣੇ ।
ਐਮ,ਏ ਅਣਖ ਦੇ ਨਾਲ ਜਿਉਣਾ ਹੱਕ ਸੱਚ ਲਈ ਮਰਨਾ ,
ਦੁੱਖੀਆਂ ਦੀ ਸੇਵਾ ਦੀ ਖਾਤਰ ਜੀਵਨ ਅਰਪਣ ਕਰਨਾ ।