ਕੁੱਲੀ ਦੇ ਭੜ੍ਹਦਾਏ ਨ੍ਹੇਰੀਂ
ਲਾਸ਼ ਪਈ ਇਕ ਖੋਈ,
ਚਲੇ ਗਏ ਲੱਖਾਂ ਹੀ ਤਾਰੇ
ਕਹਿ : ‘ਏਥੇ ਨਾ ਕੋਈ'
ਹਿਸੀ ਪਰਤ ਦੀਆਂ ਮੰਜ਼ਲਾਂ ਲੰਘਦੇ
ਆ ਗਏ ਰਾਹੀ ਪਿਆਸੇ,
ਝਾਤ ਜਹੀ ਪਾ ਤੁਰਦੇ ਹੋਏ
ਤਪੇ ਥਲਾਂ ਜਿਉਂ ਕਾਸੇ।
ਨ੍ਹੇਰ ਦਾ ਕਾਲਾ ਪੰਜਾ ਰੱਖੀ
ਗਹਿਰਾਂ ਵਾਂਗ ਪਹਾੜਾਂ
ਲਾਸ਼ ਦੀ ਹਿੱਕ ਨੂੰ ਦੱਬੀ ਖੜੀਆਂ
ਖਿਚਿ ਜੱਲਾਦ-ਕਟਾਰਾਂ।
ਨੀਰ-ਵਿਹੂਣੇ ਪਾਟੇ-ਤ੍ਰੇੜੇ
ਛੰਭ ਤੇ ਮਿਰਗ ਵੈਰਾਗੀ,
ਆ ਕੇ ਚਲਾ ਗਿਆ ਸੰਞਾਂ ਨੂੰ
ਅੰਤਮ ਵਾਰ ਤਿਆਗੀ।
ਪੀਲੇ ਭੂਕ ਬ੍ਹੋੜ ਦੀ ਟੀਸਿਉਂ
ਵੇਂਹਦੀ ਗਿਰਝ ਉਜਾੜਾਂ,
ਫਫੇਕੁਟਣ ਧੌਣ ਖਿੱਚ ਬੈਠੀ
ਸੂਰਜ ਛਿਪਦੇ ਸਾਰਾਂ।
ਹੰਝੂ ਦੀ ਕੰਬਨੀ ਜਹੇ ਹੌਕੇ
ਭਰ ਵੇਦਨਾ ਕੋਈ,
ਕਿਸੇ ਅੰਤਲੇ ਰਾਹੀ ਦੇ ਸੰਗ
ਤੁਰੀ ਓਦਰੀ ਹੋਈ।
ਲਾਸ਼ ਦੇ ਅੰਦਰ ਜਾਗ ਰਹੇ ਨੇ
ਲਹਿਰ ਲਹਿਰ ਦੇ ਪਾਣੀ
ਟਪਰੀਵਾਸਾਂ ਵਾਂਗੂੰ ਘੁੰਮਦੀ
ਰਗ ਰਗ ਵਾਜ ਪਛਾਣੀ।
ਫਿਰ ਵੀ ਕੋਈ ਦਰਦ-ਵਿਹੂਣਾਂ
ਹੱਸਦਾ ਕਫ਼ਨਾਂ ਵਾਲਾ।
ਸੁੱਕਿਆਂ ਪੱਤਰਾਂ ਦੇ ਵਿਚ ਤਣਦਾ
ਇਕ ਮਟਮੈਲਾ ਜਾਲਾ।
ਲਾਸ਼ ਦੇ ਅੰਦਰ ਵਗਣ ਵਗਣ ਪਏ
ਸੈ ਜਨਮਾਂ ਦੇ ਪਾਣੀ;
ਜੋ ਪਰਦੇਸੀ ਡਾਢੇ ਸੱਜਨਾਂ
ਕਦੇ ਅਮਾਨਤ ਜਾਣੀ।
- - - - - - - - - - -
ਬੇਪਰਵਾਹ ਸਾਂਵਲਾ ਜਾਂਦਾ
ਅਜਬ ਰੁੱਤ ਦਾ ਸੁਆਮੀ।
ਅੱਡੀਆਂ ਬਾਹੀਂ ਵੱਲ ਉਡਾ ਗਿਆ
ਜੁਗਨੂੰ ਵਾਂਗ ਜੁਆਨੀ।
ਰੁੱਤਾਂ ਵਾਲੇ ਦੇ ਪੋਟੇ ਦੀ
ਛੋਹ ਤਾਰੇ ਜਹੀ ਹੋਈ।
ਪਿੱਛੇ ਕਿਸੇ ਨੈਣ ਵਿੱਚ ਵਿਲਕੇ
ਮਹਿਕ ਨਿਆਣੀ ਕੋਈ।
ਉਮਰ ਉਮਰ ਦੇ ਅੱਥਰੂ ਦੀ ਇੰਞ
ਸ਼ੂਨ ਕੰਬਨੀ ਜਾਣਨ,
ਡੁੱਬਦੇ ਸੂਰਜ ਦੇ ਕਿੰਗਰੇ ਤੇ
ਮੁਕਦੇ ਮੁਕਦੇ ਚਾਨਣ।
ਵਿਸਰ ਗਏ ਦੋ ਭਿਖਿਆ ਮੰਗਦੇ
ਨੈਣ ਅਰਜ਼ ਦੇ ਮਾਰੇ।
ਘੱਟ ਨੂਰ ਦਾ ਭਰਕੇ ਛਾਵੇਂ
ਮੰਜ਼ਲੀਂ ਭੁੱਲ ਗਏ ਪਿਆਰੇ।
ਕਿਸੇ ਸਿਤਾਰੇ ਦੇ ਵੱਲ ਵੇਂਹਦੇ
ਨੈਣ ਚਮਕ ਕੇ ਰੋਏ।
ਉਮਰਾਂ ਬੀਤ ਗਈਆਂ ਇੰਞ ਸਿਰ ਤੋਂ
ਚਾਨਣਾ ਵਾਲੇ ਖੋਏ।
ਕੁੱਝ ਰਾਹਾਂ ਦੀ ਰਾਖੀ ਕਰਕੇ
ਪਹਿਰੇਦਾਰ ਗ਼ਰੀਬਾਂ।
ਰੋਂਦਿਆਂ ਜਮ ਦੇ ਕੰਧੇ ਲੱਦੀਆਂ
ਉਮਰਾਂ ਦੀਆਂ ਉਡੀਕਾਂ।
ਲਾਸ਼ ਦੇ ਸਿਰ ਤੇ ਨਹੀਂ ਅੱਜ ਚੜ੍ਹਿਆ
ਡੁਬਕੀ ਲਾ ਇਕ ਤਾਰਾ;
ਜਿਸਦੇ ਚਾਨਣ ਦੇ ਵਿਚ ਭਰਿਆ
ਨੀਰ ਸਰਾਂ ਦਾ ਨਿਆਰਾ।
ਚਾਨਣ-ਬਸਤੀ ਉਜੜੇ ਨ੍ਹੇਰੋਂ
ਪੰਛੀ ਦੱਸੇ ਜਾ ਕੇ :
“ਨ੍ਹੇਰਾ ਦੂਰ ਜਿਹਦੀ ਰਗ ਅੰਦਰ
ਵਗੇ ਨ ਚਾਨਣ ਆ ਕੇ।”
ਕੀੜਾ ਨਿਕਲ ਰੁੱਡ 'ਚੋਂ ਸੋਚੇ :
“ਕਿਸ ਮਹਿਕ ਵੱਲ ਜਾਵਾਂ ?
ਲਾਸ਼ ਦੇ ਨੈਣਾਂ ਦੇ ਵਿੱਚ ਜੀਵੇ
ਕਿਸ ਯੁਗ ਦਾ ਪ੍ਰਛਾਵਾਂ ?"