ਲਬ ਸੁੱਕੇ ਤੇ ਅੱਖਾਂ ਵਿਚ ਬਰਸਾਤਾਂ ਨੇ

ਲਬ ਸੁੱਕੇ ਤੇ ਅੱਖਾਂ ਵਿਚ ਬਰਸਾਤਾਂ ਨੇ

ਸਾਡੇ ਲੇਖੇ ਲਿਖੀਆਂ ਕਾਲੀਆਂ ਰਾਤਾਂ ਨੇ

ਕੁੱਝ ਹੌਕੇ, ਕੁਝ ਹਾਵਾਂ ਤੇ ਕੁੱਝ ਰੋਗ ਨਵੇਂ,

ਸੱਭੇ ਤੇਰੇ ਪਿਆਰ ਦੀਆਂ ਸੌਗ਼ਾਤਾਂ ਨੇ

ਸੱਜੇ ਤੂੰ ਏਂ ਖੱਬੇ ਤੂੰ ਹਰ ਪਾਸੇ ਤੂੰ,

ਚਾਰ-ਚੁਫ਼ੇਰੇ ਹੁੰਦੀਆਂ ਤੇਰੀਆਂ ਬਾਤਾਂ ਨੇ

ਲੈਣ ਕੀ ਜਾਈਏ ਦੁਨੀਆ ਦੀ ਇਸ ਮੰਡੀ ਤੋਂ,

ਘਟ ਗਏ ਬੰਦੇ ਰੰਗ ਬਰੰਗੀਆਂ ਜ਼ਾਤਾਂ ਨੇ

ਉਹ ਹੀ ਸਾਡੇ ਰਾਹਬਰ ਹੁੰਦੇ ਹਰ ਵਾਰੀ,

ਪੜ੍ਹੀਆਂ ਹੋਈਆਂ ਜਿਨਹਾਂ ਚਾਰ ਜਮਾਤਾਂ ਨੇ

ਕੀ 'ਰਹੀਲ' ਪੱਲੇ ਆਪਣੇ ਬਖ਼ਸ਼ਿਸ਼ ਲਈ,

ਕੁਝ ਹਮਦਾਂ ਨੇ ਕੋਲ ਮੇਰੇ ਕੁਝ ਨਾਅਤਾਂ ਨੇ

📝 ਸੋਧ ਲਈ ਭੇਜੋ