ਲੱਭ ਸਕੇ ਤਾਂ ਕੋਈ ਲੱਭੇ।
ਯਾਰੋ ਮੇਰੇ ਬੋਲ ਗੁਆਚੇ।
ਵਕਤ ਦੀ ਪੂਣੀ ਕਿਹੜਾ ਕੱਤੇ,
ਚਰਖ਼ਾ ਘੂਕੇ ਵਿਹੜੇ-ਵਿਹੜੇ।
ਅਰਥਹੀਣ ਹੈ ਉਹ ਸਾਰਾ ਕੁਝ,
ਜੋ ਕੁਝ ਅੱਜ ਦੇ ਬੱਚੇ ਪੜ੍ਹਦੇ।
ਕੱਚੇ ਬੰਨ੍ਹਾਂ ਕਦ ਤੱਕ ਰਹਿਣਾ,
ਪਾਣੀ ਨਿਸ ਦਿਨ ਕੰਢੇ ਖੋਰੇ।
ਕਿੱਧਰੋਂ ਹੋ ਕੇ ਆਇਆ ਬੱਦਲ,
ਖ਼ੁਸ਼ਬੂਆਂ ਦਾ ਮੀਂਹ ਪਿਆ ਬਰਸੇ।
ਰੌਸ਼ਨ ਹੋਵਣਗੇ ਹੋਠਾਂ 'ਤੇ,
ਮੇਰੇ ਹਰਫ਼ ਦੁਆਵਾਂ ਵਰਗੇ ।
ਆਖ਼ਿਰ ਐਡੀ ਵੀ ਕੀ ਕਾਹਲੀ,
ਵਕਤ ਨੂੰ ਆਖ ਜ਼ਰਾ ਕੁ ਠਹਿਰੇ।
ਕਿੰਨੇ ਦਾਣੇ ਘਰ ਪੁੱਜਣਗੇ,
ਫ਼ਸਲਾਂ ਖੜ੍ਹੀਆਂ ਚਾਰ ਚੁਫ਼ੇਰੇ।