ਲੇਬਰ ਚੌਕਾਂ ਦਾ ਲੌਕਡਾਊਨ

ਸੋਸ਼ਲ ਡਿਸਟੈਂਸਿੰਗ !

ਫਿਜੀਕਲ ਡਿਸਟੈਂਸਿੰਗ !!

ਲੌਕਡਾਊਨ !!!

ਤੁਹਾਡੇ ਲਈ ਇਹਨਾਂ ਦੇ

ਸਿਰਫ ਸ਼ਬਦਕੋਸ਼ੀ ਅਰਥ ਨੇ

ਮਹਿਜ਼ ਕਰੋਨਾ ਮਹਾਂਮਾਰੀ ਤੋਂ ਬਚਣ ਦਾ

ਤਰੀਕਾ ਸਲੀਕਾ ਦੱਸਣ ਵਾਲ਼ੇ 

ਪਰ

ਸਾਡੇ ਲਈ ਇਹਨਾਂ ਦੇ ਅਰਥ

ਜ਼ਿੰਦਗੀ ਦਾ ਅਨਰਥ ਕਰਨ ਵਾਲ਼ੇ ਨੇ

ਸੌਖਾ ਨਹੀਂ ਹੁੰਦਾ ਸਾਡੇ ਲਈ ਇਹਨਾਂ ਦਾ ਪਾਲਣ

ਜੀ ਹਾਂ ! ਸਾਡੇ ਲਈ

ਜਿਹਨਾਂ ਨੇ ਖ਼ਰੀਦਣਾ ਹੁੰਦਾ ਹੈ

ਰਾਸ਼ਨ

ਵੇਚ ਕੇ ਹਰ ਰੋਜ਼ ਆਪਣੇ ਹੀ

ਜਿਸਮ ਦੇ ਕੱਚੇ ਗੋਸ਼ਤ ਨੂੰ...

ਉਹਨਾਂ ਲਈ

ਸੋਸ਼ਲ ਹੋਣਾ

ਜ਼ਰੂਰੀ ਹੈ

ਮਜਬੂਰੀ ਹੈ

ਸੌਖਾ ਨਹੀਂ ਹੁੰਦਾ ਉਹਨਾਂ ਲਈ

ਪਾਲਣ ਕਰਨਾ ਸੋਸ਼ਲ ਡਿਸਟੈਂਸਿੰਗ ਦਾ ...

ਅਤੇ

ਫ਼ਿਜੀਕਲ ਡਿਸਟੈਂਸਿੰਗ ਦਾ ਵੀ

ਜਿਹਨਾਂ ਦੇ ਚੁੱਲ੍ਹੇ ਦੀ ਅੱਗ

ਦੇਹਾਂ ਦੀ ਮਾਚਸ ਨਾਲ਼ ਬਲ਼ਨੀ ਹੁੰਦੀ ਹੈ

ਲੌਕਡਾਊਨ ਹੋਣ ਨਾਲ਼

ਤਾਲਾਬੰਦ ਹੋ ਜਾਂਦੇ ਨੇ

ਜਿਹਨਾਂ ਦੇ

ਚੰਮ ਦੇ

ਕੰਮ ਦੇ

ਸਭ ਗਾਹਕ

ਸ਼ਰਾਫ਼ਤੀ ਦਹਿਲੀਜਾਂ ਦੀ

ਲਛਮਣ ਰੇਖਾ ਅੰਦਰ

ਇਹ ਜੋ ਤੁਹਾਡੇ ਸ਼ਬਦ ਕੋਸ਼ਾਂ ਵਿੱਚ ਦਰਜ

ਵੇਸਵਾਵਾਂ

ਜਿਸਮ ਫ਼ਰੋਸ਼

ਤਵਾਇਫ਼ਾਂ ਨੇ

ਉਹ ਆਪਣੇ ਪਰਿਵਾਰਾਂ ਲਈ

ਕਮਾਊ ਕਾਮੇ ਹਨ

ਬੰਬਈ ਦੇ ਕਮਾਥੀਪੁਰਾ

ਕਲਕੱਤਾ ਦੇ ਸੋਨਾਗਾਚੀ

ਦਿੱਲੀ ਦੇ ਜੀ ਬੀ ਰੋਡ

ਲਾਹੌਰ ਦੇ ਹੀਰਾ ਮੰਡੀ ਦੇ

ਲੇਬਰ ਚੌਕਾਂ ਦੇ ਕਾਮੇ

ਜਿਨ੍ਹਾਂ ਲਈ

ਸੋਸ਼ਲ ਡਿਸਟੈਂਸਿੰਗ !

ਫ਼ਿਜ਼ੀਕਲ ਡਿਸਟੈਂਸਿੰਗ !!

ਲੌਕਡਾਊਨ !!!

ਸਿਰਫ਼ ਸ਼ਬਦਕੋਸ਼ੀ ਸ਼ਬਦ ਨਹੀਂ

ਬਲਕਿ ਇਹਨਾਂ ਦੇ ਅਰਥ

ਜ਼ਿੰਦਗੀ ਦਾ ਅਨਰਥ ਕਰਨ ਵਾਲ਼ੇ ਨੇ

ਸੌਖਾ ਨਹੀਂ ਹੁੰਦਾ ਇਹਨਾਂ ਦਾ ਪਾਲਣ

ਹੰਡਾ ਰਹੇ ਨੇ

ਇਹ ਜ਼ਿੰਦਗੀ ਦੇ ਅਨਰਥ ਕਰਨ ਵਾਲ਼ੇ ਅਰਥ

ਆਪੋ ਆਪਣੇ ਚਕਲਿਆਂ ਦੇ

ਲੇਬਰ ਚੌਕਾਂ ‘ਤੇ ...। 

📝 ਸੋਧ ਲਈ ਭੇਜੋ