ਲਾਚਾਰਾਂ ਤੇ ਕੁੱਝ ਕੁਰਬਾਨ ਵੀ ਕਰਿਆ ਕਰ
ਖ਼ਾਲੀ ਹੱਥਾਂ ਤੇ ਦੋ ਟੁੱਕਰ ਧਰਿਆ ਕਰ।
ਚਹਿਕਣ ਪੰਛੀ ਕੋਇਲ ਗਾਵੇ ਪਰਭਾਤੀਂ
ਅੰਮ੍ਰਿਤ ਵੇਲੇ ਨਾਮ ਦੀ ਮਾਲਾ ਫੜਿਆ ਕਰ।
ਬਾਰ ਪਰਾਏ ਜੀਣਾ ਕਾਹਦਾ ਜੀਣਾ ਹੈ
ਸੱਚੀ ਸੁੱਚੀ ਕਿਰਤ ਕਮਾਈ ਕਰਿਆ ਕਰ।
ਦੌਲਤ ਕਿਹੜੀ ਪਿੱਛੋਂ ਲੈ ਕੇ ਆਇਆ ਸੈਂ
ਮੀਂਹ ਵਾਂਗੂੰ, ਫੈਲੇ ਹੱਥਾਂ ਤੇ ਵਰ੍ਹਿਆ ਕਰ।
ਸਿਦਕ ਪਿਆਲਾ ਪੀ ਕੇ, ਆਪਣੇ ਹੱਕਾਂ ਲਈ
ਵਿੱਚ ਮੈਦਾਨੇ ਜੁਗਨੂੰ ਵਾਂਗਰ ਲੜਿਆ ਕਰ।
ਚਾਰ ਦੀਵਾਰੀ ਅੰਦਰ ਲੋਕਤੰਤਰ ਨਹੀਂ
ਖੁੱਲਮ ਖੁੱਲਾ ਮਜ਼ਲੂਮਾਂ ਨਾਲ ਖੜਿਆ ਕਰ।
ਸਾਗਰ ਤੋਂ ਵੱਧ ਬੰਦੇ ਡੋਬੇ ਦਾਰੂ ਨੇ
ਹਰ ਵੇਲੇ ਨਾ ਪੀਣ ਬਹਾਨੇ ਘੜਿਆ ਕਰ।
ਮਾੜੀ ਘਟਨਾ ਹੋਣੋਂ ਟਲ ਗਈ ਹੈ, ਭਲਿਆ !
ਸੱਚੇ ਰੱਬ ਦਾ ਸ਼ੁਕਰ ਮਨਾ, ਨਾ ਲੜਿਆ ਕਰ।
ਛੇਕ ਬਿਨਾ ਮੋਤੀ ਰਾਹਾਂ ਦਾ ਕੰਕਰ ਹੈ
ਜੁੜ ਬਹਿਣਾ ਤਾਂ ਤੀਰ ਕਲੇਜੇ ਜਰਿਆ ਕਰ।
ਬਿੱਲੀ ਦੇ ਗਲ ਘੰਟੀ ਪਾਉਣ ਜੁਝਾਰੂ ਹੀ
ਸਿੱਪੀਂ ਬੈਠੇ ਮੋਤੀ ਵੇਖ ਨਾ ਸੜਿਆ ਕਰ।
ਬੋਟ ਪਰਿੰਦੇ ਸਾਰੇ ਖਾ ਕੇ ਸੋਂਦੇ ਨੇ !
ਪੇਟ ਭਰਨ ਦੇ ਮਨਸੂਬੇ ਨਾ ਘੜਿਆ ਕਰ।
ਸਿਰਦਾਰਾਂ ਨੂੰ ਸਿਰਤਾਜਾਂ ਦੀ ਲੋੜ ਨਹੀਂ
ਹੀਰੇ ਮੋਤੀ ਦਸਤਾਰੀਂ ਨਾ ਜੜਿਆ ਕਰ।
ਰੰਗ ਬਰੰਗੀ ਦੁਨੀਆ ਕਿੰਨੀ ਸੁਹਣੀ ਹੈ!
ਤਿਤਲੀ ਜਾਂ ਮਾਸੂਮ ਕਲੀ ਨਾ ਫੜਿਆ ਕਰ।
ਛੋੜ ਜੁਗਾਲੀ ਕਲ੍ਹ ਦੀ, ਅੱਗੇ ਵੱਧ ‘ਉੱਪਲ’
ਅੱਜ ਦੀ ਗੱਡੀ ਵਿਸਲ ਵਜਾਵੇ ਫੜਿਆ ਕਰ।