ਮੇਰੇ ਕੋਲ ਲਗਨ ਹੀ ਤਾਂ ਹੈ ਇਕੱਲੀ
ਤੈਨੂੰ ਮੇਰੀ ਲਗਨ ਤੇ ਵੀ ਗਿਲਾ ਹੈ
ਜੇ ਮੇਰੇ ਕੋਲ ਲਗਨ ਨਾ ਹੁੰਦੀ
ਤਾਂ ਮੈਂ ਇਥੇ ਨਹੀਂ ਸਾਂ ਹੋਣਾ
ਇਸ ਪਲ
ਤੇਰੇ ਇਸ ਸੁਆਲ ਦਾ ਜੁਆਬ ਦੇਣ ਲਈ
ਮੈਂ ਮਨ ਦੇ ਖੂਹ ਵਿੱਚ
ਨਹੀਂ ਸੀ ਉਤਰਨਾ
ਨਾ ਹੀ ਨਿਕਲ ਸਕਣਾ ਸੀ
ਰਿਸ਼ਤਿਆਂ ਦੇ ਚੱਕਰਵਿਊ ਚੋਂ
ਮੈਂ ਜਿਥੋਂ ਤੁਰਿਆ ਸਾਂ
ਉਥੇ ਸੜਕ ਨਹੀਂ ਸੀ ਕੋਈ
ਚਾਰੇ ਤਰਫ ਅਦਿੱਖ ਕੰਧਾਂ ਸਨ
ਕੰਧਾਂ ਦੇ ਉਤੋਂ
ਕੋਈ ਕੋਈ ਅਵਾਜ਼ ਸੁਣਦੀ ਸੀ
ਕਦੇ ਕੋਈ ਪੰਛੀ ਸੁਟ ਜਾਂਦਾ ਸੀ
ਕੋਈ ਦ੍ਰਿਸ਼, ਕੋਈ ਅਕਾਰ
ਬਾਹਰ ਦੇ ਸਭ ਰਸਤੇ ਬੰਦ ਸਨ
ਮੈਂ ਆਪਣੇ ਮਨ ਵਿੱਚ ਸੁਰੰਗ ਕਰ ਲਈ
ਕੁਰਦੇਦਾ ਕੁਰੇਦਦਾ
ਮੈਂ ਬਾਹਰ ਨਿਕਲ ਆਇਆ
ਧਰਤੀ ਦੇ ਦੂਸਰੇ ਪਾਸੇ
ਬਾਹਰੋਂ ਰਾਹ ਨਾ ਮਿਲਿਆ
ਅੰਦਰੋਂ ਘੁੰਮ ਆਇਆ
ਮੇਰੇ ਨਹੁੰਆਂ ਵਿੱਚ ਲਗਨ ਫਸੀ ਹੈ
ਤੇ ਤੈਨੂੰ ਮੇਰੀ ਲਗਨ ਤੇ ਇਤਰਾਜ਼ ਹੈ
ਤੈਨੂੰ ਦਿਸਦੇ ਹੋਣਗੇ
ਮੇਰੇ ਖੁਰਦਰੇ ਪੈਰ
ਮੇਰੇ ਮੈਲੇ ਹੱਥ
ਮੇਰਾ ਖੁਸ਼ਕ ਚਿਹਰਾ
ਤੂੰ ਮੇਰੀ ਲਗਨ ਨਹੀਂ ਦੇਖੀ
ਮੈਂ ਆਪਣੇ ਹੀ ਅੰਦਰ
ਡੁੱਬਕੇ ਆਇਆ ਹਾਂ