ਕੀ ਤੂੰ ਕੁੱਝ ਨਵਾਂ ਉਸਾਰਨਾ ਹੈ?
ਕੋਈ ਰਿਸ਼ਤਾ
ਕੋਈ ਘਰ
ਜਾਂ ਕਵਿਤਾ ਕੋਈ
ਤਾਂ ਸ਼ਬਦ ਕਾਫੀ ਨਹੀਂ ਹਨ
ਕੁੱਝ ਹੋਰ ਚਾਹੀਦਾ ਹੈ
ਲਗਨ ਵਰਗਾ
ਤੜਫ ਵਰਗਾ
ਇਸ਼ਕ ਵਰਗਾ
ਜੋ ਦਿਸਦਾ ਨਹੀਂ ਹੈ
ਜਿਸ ਨੂੰ ਛੁਹ ਵੀ ਨਹੀਂ ਸਕਦੇ
ਪਰ ਜਿਹੜਾ ਤੁਹਾਨੂੰ ਛੁਹ ਸਕਦਾ ਹੈ
ਹਵਾ ਵਾਂਗ
ਜੋ ਤੁਹਾਡੇ ਇਰਦ ਗਿਰਦ
ਮੌਜੂਦ ਰਹਿੰਦਾ ਹੈ
ਫਰਿਸ਼ਤਿਆਂ ਦੇ ਪਹਿਰੇ ਦੀ ਤਰਾਂ
ਸ਼ਬਦ ਬਹੁਤ ਪੋਲੇ ਹਨ
ਇਹ ਤਾਂ ਇੱਟਾਂ ਵੀ ਨਹੀਂ ਹਨ
ਜਿਨ੍ਹਾਂ ਤੇ ਕੁੱਝ ਉਸਾਰ ਸਕੀਏ
ਇੱਕ ਲਗਨ ਚਾਹੀਦੀ ਹੈ
ਬੇਪਰਦ
ਬੇਖੌਫ
ਜਿਵੇਂ ਕੋਈ ਕਤਲ ਕਰਕੇ ਆਵੇ
ਤੇ ਸਾਫ ਦੱਸ ਦੇਵੇ
ਜਾਂ ਬੀਵੀ ਕਿਸੇ ਦੀ
ਸੌਂ ਕੇ ਆਵੇ ਕਿਸੇ ਨਾਲ
ਤੇ ਸਭ ਦੱਸ ਦੇਵੇ
ਕੀ ਤੇਰੇ ਕੋਲ ਐਨਾ ਸੱਚ ਹੈ?
ਲਗਨ ਹੈ ਐਸੀ?
ਵਚਨਾਂ ਨੂੰ ਰਹਿਣ ਦੇ
ਤਰਕਾਂ ਨੂੰ ਛੱਡ ਦੇ
ਰੇਤ ਨਾਲ ਘਰ ਨਹੀਂ ਉਸਰਦੇ
ਸ਼ਬਦਾਂ ਨਾਲ
ਕਵਿਤਾ ਨਹੀਂ ਬਣਦੀ