ਲੱਗੇ ਦੁੱਖ ਹਿਆਤੀ ਨਾਲ ਹੰਢਾਉਂਦੇ ਪਏ ਆਂ ।
ਕੁੱਛੜ ਚੁੱਕ ਕੇ ਬਾਲਾਂ ਵਾਂਗ ਖਿਡਾਉਂਦੇ ਪਏ ਆਂ ।
ਨੈਣ ਪਿਆਸੇ ਤਰਸ ਗਏ ਦੀਦਾਰ ਨਾ ਹੋਇਆ,
ਹੰਝੂਆਂ ਦੇ ਸੰਗ ਦਿਲ ਆਪਣਾ ਪਰਚਾਉਂਦੇ ਪਏ ਆਂ ।
ਡੁੱਬ ਗਿਆ ਦਿਨ ਫੇਰ ਨਾ ਸੱਜਣ ਨੇੜੇ ਆਇਆ,
ਬੰਨੇ ਉੱਤੇ ਬੈਠੇ ਕਾਂਗ ਉਡਾਉਂਦੇ ਪਏ ਆਂ ।
ਹਰ ਬੰਦਾ ਈ ਇਕ ਦੂਜੇ ਦਾ ਵੈਰੀ ਦਿੱਸੇ,
ਅਸੀਂ ਤੇ ਨਫ਼ਰਤ ਵਾਲੀ ਅੱਗ ਬੁਝਾਉਂਦੇ ਪਏ ਆਂ ।
ਘੁੰਮਣ-ਘੇਰੀ ਦੇ ਵਿਚ ਬੇੜੀ ਫਸ ਗਈ ਸਾਡੀ,
ਕੱਖਾਂ ਨੂੰ ਹੱਥ ਪਾ ਕੇ ਜਾਨ ਬਚਾਉਂਦੇ ਪਏ ਆਂ ।
ਭੁੱਲਣ ਨਾ ਉਹ ਹਿਜਰ ਸਮੇਂ ਦੀਆਂ ਕਾਲੀਆਂ ਰਾਤਾਂ,
ਝੂਠੇ ਲਾਰੇ ਲਾ ਕੇ ਦਿਲ ਪਰਚਾਉਂਦੇ ਪਏ ਆਂ ।
'ਸਦਫ਼' ਨੂੰ ਮਾਰ ਗਏ ਨੇ ਤੇਰੇ ਬੋਲ ਉਹ ਮਿੱਠੇ,
ਏਸੇ ਆਸ ਤੇ ਕੀਤੇ ਕੌਲ ਨਿਭਾਉਂਦੇ ਪਏ ਆਂ ।