ਲੱਗੀ ਏ ਪਾਬੰਦੀ ਸਾਡੇ ਹੌਕੇ ਹਾਵਾਂ ਭਰਨੇ ਤੇ ।
ਉਸ ਕਾਤਿਲ ਨੂੰ ਕੋਈ ਨਾ ਪੁੱਛੇ ਕਾਰ ਕਤਲ ਦੀ ਕਰਨੇ ਤੇ ।
ਆ ਗਏ ਨੇ ਮਨਮਰਜ਼ੀ ਦੇ ਦਿਨ ਲਾਲ ਲਿਬਾਸਾਂ ਵਾਲੇ ਦੇ,
ਉਹਨੂੰ ਕੀ ਕੋਈ ਦਾਗ਼ ਜੇ ਲੱਗੇ ਸਾਡੇ ਚਿੱਟੇ ਪਰਨੇ ਤੇ ।
ਉਹਨੂੰ 'ਸੀ' ਵੀ ਕਹਿਣਾ ਪਏ ਤੇ ਪੰਜ ਪਹਾੜ ਮੁਸੀਬਤ ਏ,
ਸਾਨੂੰ ਕਾਦਰ ਸਮਝੇ ਜਿਹੜਾ ਦੁੱਖ ਮੁਸੀਬਤ ਜਰਨੇ ਤੇ ।
ਕਿੰਨੇ ਦਫ਼ਤਰ ਕਾਲੇ ਕੀਤੇ ਮੈਂ ਉਹਦੀ ਖ਼ੁਸ਼ਨੂਦੀ ਲਈ,
ਦੋ ਪੋਟੇ ਨਾ ਕਾਗ਼ਜ਼ ਸਰਿਆ ਜਿਸ ਤੋਂ ਮੇਰੇ ਮਰਨੇ ਤੇ ।
ਫ਼ਾਤਿਹ ਕੀ 'ਸੁਲਤਾਨ' ਸਦਾਣਾ ਮਾਲ ਗ਼ਨੀਮਤ ਕਰਨਾ ਕੀ,
ਜਿੱਤਣ ਦਾ ਮੈਂ ਨਾਂ ਨਾ ਲਾਂ ਉਹ ਹਾਰ ਜੇ ਪਾਵੇ ਹਰਨੇ ਤੇ ।