ਮੈਂ ਉਸ ਦਾ ਹਾਸਾ ਤਕਿਆ ਸੀ
ਉਸ ਦਾ ਹਾਸਾ ਸੁਣ ਨਾ ਸਕਿਆ
ਕੀਕਣ ਸੁਣਦਾ
ਸਭ ਹਸਦੇ, ਵਿਚ ਉਹ ਹਸਦਾ ਸੀ
ਮੇਰਾ ਕਾਹਵਾ-ਘਰ ਦਾ ਮੇਲੀ
ਹਰ ਮਹਿਫ਼ਲ ਵਿਚ ਹਾਜ਼ਰ ਹੁੰਦਾ, ਪ੍ਰਗਟ ਨਾ ਹੁੰਦਾ
ਹਰ ਹਾਸੇ ਦੀ ਧੁੱਪ ਸੇਕਦਾ
ਹਰ ਨਿੰਦਿਆ ਦੀ ਛਾਵੇਂ ਬਹਿੰਦਾ
ਹਰ ਮੌਸਮ ਦੀ ਉਂਗਲੀ ਫੜ ਕੇ ਤੁਰਿਆ ਜਾਂਦਾ
ਬਹੁਤ ਸਿਆਣਾ, ਸਦਾ ਅਞਾਣੇ ਬਾਲ ਵਰਾਂਦਾ
ਸ਼ਾਮਿਲ-ਸ਼ਾਮਿਲ
ਸਿਰਜਨ ਦੀ ਮਨ ਰੀਝ ਨ ਕੋਈ
ਕੁਝ ਨਿੰਮ੍ਹਾ ਨਿੰਮ੍ਹਾ ਜਿਉਂਦਾ ਸੀ
ਰਤਾ ਚਾਨਣਾ, ਰਤਾ ਹਨੇਰਾ
ਅਣਸੁਣ ਕੇ ਵੀ ਚੁਪ-ਚੁਪ ਕਹਿੰਦਾ
ਜੋ ਜੋ ਸਭ ਦਾ, ਸੋ ਸੋ ਮੇਰਾ
ਪਤਾ ਨਹੀਂ ਉਹ ਕਿਵੇਂ ਮਰ ਗਿਆ
ਅਸੀਂ ਅਜੇ ਜਿਉਂਦੇ-ਜਿਉਂਦੇ ਹਾਂ
ਧੜਕਣ ਦੇ ਮਜਮੇ ਵਿਚ ਅਪਣੀ ਧੜਕਣ ਦਾ ਰਖਵਾਲਾ
ਪਤਾ ਨਹੀਂ ਕਿਉਂ ਖ਼ਾਮੋਸ਼ੀ ਦੇ ਸ਼ਹਿਰ ਸਿਧਾਇਆ
ਸਚਮੁਚ ਮਰਿਆ ?
ਕਹਿਣ ਨਾ ਹੋਵੇ
ਮੈਂ ਉਸ ਦਾ ਮਰਨਾ ਸੁਣਿਆ ਸੀ
ਉਸ ਦਾ ਮਰਨਾ ਵੇਖ ਨ ਸਕਿਆ
ਮੈਂ ਉਸ ਦਾ ਹਾਸਾ ਤਕਿਆ ਸੀ
ਉਸ ਦਾ ਹਾਸਾ ਸੁਣ ਨਾ ਸਕਿਆ ।