ਪੰਜਾਬ ਦਾ ਸੂਰਜ ਛਿਪਨ ਦੇ ਪਿੱਛੋਂ
ਹਾਲੀ ਵੀ ਸੰਞਾਂ ਨੂੰ ਤੁਰਦੀਆਂ
ਸ਼ਹਿਰ ਲਾਹੌਰ ਦੀਆਂ ਨਾਰਾਂ
ਕਰਦੀਆਂ ਨਾਲ ਦਰਿਆਵਾਂ ਇਕਰਾਰ ਕੋਈ।
ਗੁਜਰਾਤ ਦੀ ਧਰਤੀ ਦੇ ਵੱਲੋਂ
ਮਾਂਝੀਆਂ ਦਾ ਗੀਤ ਕੋਈ ਹੁਣ ਵੀ
ਸ਼ਹਿਰ ਲਾਹੌਰ ਦੀਆਂ ਗਲੀਆਂ 'ਚ ਗੂੰਜਦਾ।
ਹੁਣ ਵੀ ਸਿਆਹ ਨਕਾਬ ਦੇ ਹੇਠਾਂ
ਉਹ ਨੂਰ ਪਿਆ ਵਰ੍ਹਦਾ
ਜਿਸ ਦੀ ਧਾਰ 'ਤੇ ਵਗਦੇ
ਦਰਿਆ ਘਮਸਾਨ ਪਾ ਜਾਂਦੇ
ਧਰਤੀ ਦੇ ਰਸਾਂ-ਕਸਾਂ ਨੂੰ ਲਹੂ-ਲੁਹਾਣ ਕਰ ਜਾਂਦੇ;
ਜਿਸਦੀ ਤਿੱਖੀ ਨੋਕ 'ਤੇ ਉਡਣ ਲਈ
ਬੇ-ਦਰੇਗ ਅਸਮਾਨ ਦੇ ਝੱਖੜ
ਪਰਬਤਾਂ ਦੇ ਸੀਨੇ 'ਚ ਚੋਰਾਂ ਦੇ ਵਾਂਗ ਛੁਪੇ ਹੋਏ
ਸੂਰਜ ਦੇ ਰਥ ਨੂੰ ਤੋੜ ਜਾਂਦੇ ।
ਹੁਣ ਵੀ ਮੂੰਹ-ਜ਼ੋਰ ਰੇਲਾਂ ਉਡਦੀਆਂ
ਧੜਾ ਧੜ ਸ਼ਹਿਰ ਲਾਹੌਰ ਵਲ ਆਉਂਦੀਆਂ
ਕੂਕਾਂ ਮਾਰ ਹਰੇ ਮੈਦਾਨਾਂ ਚੋਂ ਲੰਘਦੀਆਂ-
ਸੁਣਦੀਆਂ ਦਰਿਆਵਾਂ ਦੇ ਪੁਲਾਂ ਕੋਲੇ
ਬੇਲਿਆਂ ਦੀ ਸੱਦ ਲੰਮੀ ਚਿਰਾਂ ਦੀ।
ਇੰਜਨ ਦਹਾੜਦੇ, ਚੀਖਦੇ
ਝੰਗ ਦੀਆਂ ਵਾਵਾਂ ਉਡਦੀਆਂ ਨਾਲ ਹੀ,
ਬੇਲਿਆਂ ਦੇ ਪ੍ਰਛਾਵੇਂ ਹਜ਼ਾਰਾਂ
ਸੋਹਣੀਆਂ ਨੇ ਸਬਜ਼ ਚੋਲੀ 'ਚ ਸੀਤੇ—
ਨਾਰਾਂ ਦੀਆਂ ਛਾਤੀਆਂ ਭਰੀਆਂ
ਸਾਉਣ ਮਾਹ ਦਿਆਂ ਬੱਦਲਾਂ ਵਾਂਗੂੰ—
ਬਾਜ਼ਾਂ ਦੇ ਪਰਾਂ 'ਤੇ ਕੂੰਜਾਂ ਮਲੂਕ ਸੁੱਤੀਆਂ !!
ਹੁਣ ਵੀ ਲੰਘਦੇ ਲੰਘਦੇ
ਫ਼ਕੀਰਾਂ ਦੇ ਖ਼ਾਲੀ ਕਾਸਿਆਂ ਅੱਗੇ
ਗ਼ਾਜ਼ੀਆਂ ਦੇ ਲਸ਼ਕਰ ਸਿਰ ਨਿਵਾਂਦੇ,
ਦੂਰ ਰਣਾਂ ਦੇ ਪੱਤਣ ਵਲ
ਭਰੇ-ਪੀਤੇ ਸ਼ੀਹਾਂ ਦੀ ਨਜ਼ਰ ਦੇ
ਖ਼ੂਨੀ ਦਰਿਆ ਨੂੰ ਦੇਖ ਕੇ ਗਾਂਵਦੇ,
ਹਸ਼ਰ ਦੀ ਅੱਗ ਵਿਚ
ਇਲਮ ਦੇ ਨਾਜ਼-ਗੁਮਾਨ ਨੂੰ ਸਾੜ ਕੇ
ਹੁਸਨ ਦੇ ਮੁਲਕਾਂ ਨੂੰ ਝਾਗ ਕੇ,
ਹੁਣ ਵੀ ਡਾਚੀਆਂ ਵਾਲੇ
ਸ਼ਹਿਰ ਲਾਹੌਰ ਦੀਆਂ ਰਾਹਾਂ 'ਤੇ ਆਣ ਕੇ
ਥਲਾਂ ਦਾ ਦੀਵਾ ਬਾਲਦੇ।
ਪਿੰਡੀ ਤੇ ਹਸਨ ਅਬਦਾਲ ਵੱਲੋਂ
ਲਾਇਲਪੁਰ, ਝੰਗ ਸਿਆਲ ਵੱਲੋਂ
ਪੂਰਨ ਦੇ ਖ਼ੂਹ ਤੋਂ, ਸ਼ਹਿਰ ਪਸ਼ੌਰ ਵੱਲੋਂ :
ਸਮੇਂ ਦੇ ਮਜ਼ਾਰਾਂ ਦੇ ਉੱਤੇ
ਨਜ਼ਰਾਂ ਦੀ ਲੰਮੀ ਵਾਟ ਦੇ ਉੱਤੇ
ਬਲਦੇ ਆਉਂਦੇ ਅਸਮਾਨ ਦੇ ਦੀਵੇ-
ਹੁਣ ਵੀ ਧਰਤੀ ਹਲਾਲ ਕਰ ਸਕਦੀ
ਤਾਰਿਆਂ ਵਾਲੇ ਸ਼ਾਹ ਅਸਮਾਨ ਨੂੰ।
ਪੰਜਾਬ ਦੀਆਂ ਬਾਂਕੀਆਂ ਨਾਰਾਂ ਦੇ ਸਾਹਵੇਂ
ਹੁਣ ਵੀ ਹੌਲ ਅਸਮਾਨ ਦਾ
ਧੌਂਸਿਆਂ ਦੀਆਂ ਰਗਾਂ ਵਿਚ ਦਹਿਲਦਾ ਉੱਡਦਾ।
ਤੇ, ਪੈਲ ਪਾਉਂਦਾ ਨਸ਼ਾ
ਖ਼ੂਨੀ ਰਣਾਂ ਵਲ ਉਮ੍ਹਲਦਾ, ਉਛਲਦਾ
ਅੱਲਾ ਦੀ ਨਜ਼ਰ ਵਿਚ ਵੱਸਦਾ
ਧਰਤ ਦੇ ਜੰਜਾਲ ਨੂੰ ਤੋੜਦਾ, ਨੱਸਦਾ
ਹੁਣ ਵੀ ਦਰਿਆ ਕੋਈ, ਪਾਉਂਦਾ ਧਮਾਲ, ਹੱਸਦਾ।