ਅਧੀ ਰਾਤੀਂ ਏਸ ਵੇਲੇ ਢਾ ਕਿਨ੍ਹੇ ਮਾਰੀ ਏ ?
ਆਹ ਲੈ ! ਭਾਵੇਂ ਜੰਨਤੇ ਦਾ ਮੁੰਡਾ ਮਰ ਗਿਆ ਏ,
ਜ਼ਿੰਦਗੀ ਦੇ ਦੁਖਾਂ ਤੋਂ ਕਿਨਾਰਾ ਕਰ ਗਿਆ ਏ ।
ਰੋਗ ! ਇਹ ਰੋਗ !! ਕੋਈ ਜਾਣ ਵਾਲਾ ਨਹੀਂ ਸੀ,
ਸੋਚਨਾਂ ਵਾਂ ਹੁਣ ਬੁੱਢੀ ਮਾਂ ਕੀ ਕਰੇਗੀ,
ਕਿਹੜੀ ਆਸ ਜੀਵੇਗੀ ਤੇ ਕਿਹੜੀ ਆਸ ਮਰੇਗੀ ।
ਜ਼ਿੰਦਗੀ ਦੇ ਡੰਗ ਵੀ ਮੁਕਾਇਆਂ ਨਹੀਂ ਮੁਕਦੇ,
ਕਰਮਾਂ ਦੇ ਮਾਰੇ ਖੋਭੇ,
ਆਪ ਤੇ ਸੁਕਾਇਆਂ ਨਹੀਂ ਸੁਕਦੇ ।
ਪਿੰਡ ਸਾਰਾ ਜਾਣਦਾ ਏ,
ਜਿਹੜੇ ਹਾਲ ਓਸ ਨੇ ਰੰਡੇਪੇ ਵਿਚ,
ਜੱਫਰ ਜਾਲ ਜਾਲ ਕੇ ਤੇ ਮੁੰਡੇ ਨੂੰ ਪੜ੍ਹਾਇਆ ਸੀ ।
ਫੇਰ ਕਿੰਨੇ ਵਖ਼ਤਾਂ ਤੇ ਖੇਚਲਾਂ ਦੇ ਨਾਲ ਉਹਨੂੰ ਨੌਕਰ ਕਰਾਇਆ ਸੀ ।
ਸਿਹਰੇ ਗਾਨੇ ਬੰਨ੍ਹੇ,
ਜਦੋਂ ਡੋਲੀ ਲੈ ਕੇ ਆਇਆ ਸੀ ।
ਕਿੰਨੇ ਏਸ ਜੰਨਤੇ ਨੂੰ ਚਾ ਅਰਮਾਨ ਸਨ ।
ਬੁਢੀ ਜਹੀ ਜਿੰਦ ਸੀ ਤੇ ਸਧਰਾਂ ਜਵਾਨ ਸਨ ।
ਪਤਾ ਨਹੀਂ ਸੀ ਪੱਕਿਆਂ ਤੇ ਗੜੇ ਪੈ ਜਾਂਦੇ ਨੇ ।
ਰਹਿਮਤਾਂ ਦੇ ਬੱਦਲਾਂ 'ਚ ਕੋਠੇ ਢਹਿ ਜਾਂਦੇ ਨੇ ।
ਅਜ ਪਈ ਬੈਠ ਕੇ ਤੇ ਰੋਂਦੀ ਏ ਨਸੀਬਾਂ ਨੂੰ ।
ਖ਼ੁਸ਼ੀਆਂ ਨਾ ਪਚਦੀਆਂ ਡਿਠੀਆਂ ਗ਼ਰੀਬਾਂ ਨੂੰ ।
ਮੈਨੂੰ ਡਾਢਾ ਯਾਦ ਏ,
ਸਣੇ ਨੂੰਹ ਲਹੌਰ ਜਦੋਂ ਪੁਤ ਕੋਲ ਗਈ ਸੀ,
ਚਿੜੀ ਘਰ, ਅਜੈਬ ਘਰ,
ਮਲਕਾ ਦਾ ਬੁੱਤ ਨਾਲੇ ਦਾਤਾ ਸਾਹਿਬ ਤੱਕਿਆ ।
ਉਹ ਕਿਹੜੀ ਥਾਂ ਸੀ,
ਜਿਹੜੀ ਭੁਲੀ ਰਹੀ ਸੀ ।
ਨਿਤ ਏਹਾ ਕਾਰ ਸੀ,
ਮੁੰਡਾ ਬੜਾ ਸਾਊ,
ਬੱਤਰੀ 'ਚੋਂ ਕੱਢੀ ਹੋਈ ਹਰ ਗੱਲ ਮੰਨਣ ਨੂੰ ਤਿਆਰ ਸੀ ।
ਲਾਹੌਰ ! ਲਾਹੌਰ ਏ,
ਨੂੰਹ ਸੱਸ ਕੋਲ ਜਦੋਂ ਬੈਠਦਾ ਤੇ ਆਂਹਦਾ ਸੀ ।
ਉਹਦਾ ਬੜਾ ਸ਼ੁਕਰ ਏ, ਜੇ,
ਪਿੰਡ ਦਿਆਂ ਫਸਤਿਆਂ ਤੋਂ ਏਥੇ ਟੁਰ ਆਏ ਹਾਂ ।
ਚਲੋ ਕੀ ਹੋਇਆ ਭਾਵੇਂ ਸੌੜਾ ਈ ਮਕਾਨ ਜੇ,
ਨ੍ਹੇਰਾ ਜ਼ਰਾ ਹੈ- ਪਰ,
ਬਿਜਲੀ ਦੇ ਬਟਣੇ 'ਚ ਚਾਨਣੇ ਦੀ ਜਾਨ ਏਂ ।
ਭਾਦਰੋਂ 'ਚ ਪਤਾ ਏ ਜੋ ਪਿੰਡ ਹਾਲ ਹੋਂਦਾ ਏ,
ਹਰ ਕੋਈ ਪਿਤ ਹੱਥੋਂ,
ਖੁਰਕ ਖੁਰਕ ਪਿੰਡਾ ਪਿਆ ਖੋਂਹਦਾ ਏ ।
ਏਥੇ ਪਖੇ ਚਲਦੇ ਨੇ ਸ਼ਾਨ ਜਹੀ ਸ਼ਾਨ ਏ,
ਰੱਬਾ ਤੇਰਾ ਸ਼ੁਕਰ ਜਿਨ੍ਹੇਂ ਏਥੇ ਲੈ ਆਂਦਾ ਏ ।
ਤਾਹੀਏਂ ਪਤਾ ਲੱਗਾ ਜਦੋਂ,
ਇਕ ਦਿਨ ਘਰ ਆ ਕੇ ਆਂਹਦਾ ਏ ।
"ਅਜ ਮੇਰਾ ਪਿੰਡਾ ਕੁਝ ਮਾਂਦਾ ਏ ।"
ਓਸ ਦਿਨ ਮੰਜੀ ਤੇ ਅਜਿਹਾ ਪਿਆ ਫੇਰ ਨਹੀਂ ਉਠਿਆ ।
ਝੂਠੀ ਹਵਾ ਅਤੇ ਝੂਠੇ ਚਾਨਣੇ ਦਾ ਮੁੱਠਿਆ !!