ਮਾਣ ਹੁੰਦਾ ਸੀ ਕਦੇ, ਲਹੂ ਦੇ ਰੰਗ ੳੱਤੇ।
ਖੂਨ ਨੂੰ ਰੰਗ ਵਟਾਉਂਦੇ, ਲੋਕੋ ਦੇਖਿਐ॥
ਜਿੰਨਾ ਦੇ ਗਲ ਲੱਗ ਕੇ ਰੋਂਦਾ ਹੁੰਦਾ ਸੀ।
ਉਹਨਾਂ ਨੂੰ ਗਲੋਂ ਲਾਹੁੰਦਾ, ਲੋਕੋ ਦੇਖਿਐ॥
ਖੂੰਜੇ ਦੇ ਵਿੱਚ ਪਿਆ, ਕੋਈ ਬਿਰਧ ਲਾਚਾਰ ਜਿਹਾ।
ਘੁੱਟ ਪਾਣੀ ਲਈ ਤਰਲੇ ਪਾਉਂਦਾ, ਲੋਕੋ ਦੇਖਿਐ॥
ਜਿੰਨਾ ਸਦਕਾ ਕਮਾਉਂਣ ਜੋਗਾ ਕਦੇ ਹੋਇਆ ਸੀ।
ਉਹਨਾਂ ਨਾਲ ਦਗਾ ਕਮਾਉਂਦਾ, ਲੋਕੋ ਦੇਖਿਐ॥
ਲਾਲਚ ਚੰਦਰਾ ਲੱਖ ਤੋਂ ਕੱਖ ਬਣਾ ਦਿੰਦਾ।
ਮਾਂ ਜਾਇਆ ਮਰਵਾਉਂਦਾ, ਲੋਕੋ ਦੇਖਿਐ॥
ਕਾਫਰ ਜਮਾਨਾ, ਲਾ ਮੁਖੌਟਾ ਦਰਵੇਸ਼ ਦਾ।
ਪਿੱਠ ਪਿੱਛੇ ਮੁਸਕਰਾਉਦਾ, ਲੋਕੋ ਦੇਖਿਐ॥
ਯਾਰ ਜਿਹਦੇ ਬਿਨ ਮਹਿਫਲ ਨਹੀਂ ਸੀ ਸ਼ੋਭਦੀ।
ਹੱਥੀਂ ਜ਼ਹਿਰ ਪਿਆਉਂਦਾ, ਲੋਕੋ ਦੇਖਿਐ॥
"ਮੰਡੇਰ" ਚਿਰਾਂ ਤੋਂ ਵਿੱਛੜੇ ਸੱਜਣਾ, ਯਾਰਾਂ ਦਾ।
ਰਹਿ ਰਹਿ ਕੇ ਮੋਹ ਜਿਹਾ ਆਉਂਦਾ, ਲੋਕੋ ਦੇਖਿਐ, ਮੈਂ ਦੇਖਿਐ॥