ਲੱਜ਼ਤ ਦੀ ਲਹਿਰ ਉੱਤੇ
ਕੁਝ ਪਲ ਕਲੋਲ ਕਰ ਕੇ
ਅਣਭਿੱਜੇ ਪਰਤ ਜਾਉ
ਮਹਿਫ਼ਲ 'ਚ ਆਉਣ ਲੱਗੇ
ਕੁੱਲੇ ਦੇ ਵਾਂਗ ਆਪਣੇ
ਕੁਲ ਫ਼ਿਕਰ ਸਿਰ ਤੋਂ ਲਾਹ ਕੇ
ਕਿੱਲੀ ਦੇ ਨਾਲ ਟੰਗੋ
ਟੰਗੋਂ ਤੇ ਫਿਰ ਲੰਘੋ
ਆਉ ਤੇ ਆ ਕੇ ਬੈਠੋ
ਜਿਸਮਾਂ ਨੂੰ ਕੋਲ ਕਰਕੇ
ਕੁਲ ਕਪਲਣਾ ਜਗਾਉ
ਰੰਗਾਂ ਨੂੰ ਅੰਗ ਲਾਉ
ਏਥੇ ਨਾ ਆਣ ਛੇੜੋ
ਕਿੱਸਾ ਕੋਈ ਪੁਰਾਣਾ
ਝੇੜਾ ਨਾ ਇਹ ਸਹੇੜੋ
ਰੰਗ ਬੱਝਿਆ ਸੁਹਾਣਾ
ਰੰਗ 'ਚ ਨਾ ਭੰਗ ਪਾਉ
ਮਹਿਫ਼ਲ 'ਚੋਂ ਜਾਣ ਲੱਗੇ
ਕਿੱਲੀ ਤੋਂ ਲਾਹ ਕੇ ਕੁੱਲਾ
ਫਿਰ ਸੀਸ ਤੇ ਟਕਾਉ
ਏਥੇ ਹੀ ਛੱਡ ਕੇ ਤੇ
ਇੱਜ਼ਤ ਦੇ ਨਾਲ ਜਾਉ
ਜਾਉ ਤੇ ਫੇਰ ਆਉ
ਲੱਜ਼ਤ ਦੀ ਲਹਿਰ ਉੱਤੇ
ਕੁਝ ਪਲ ਕਲੋਲ ਕਰ ਕੇ
ਅਣਭਿੱਜੇ ਪਰਤ ਜਾਉ।