ਲਖ ਬਦੀਆਂ ਬਦਨਾਮੀਆਂ ਥਾਣੀਂ

ਮਿੱਤਰਾਂ ਤੀਕਣ ਕਿਵੇਂ ਪੁਚਾਈਏ

ਕਿੱਸਾ ਦਿਲ ਦਿਲਗੀਰਾਂ ਦਾ

ਲਖ ਬਦੀਆਂ ਬਦਨਾਮੀਆਂ ਥਾਣੀਂ

ਲੰਘਦਾ ਰਾਹ ਫ਼ਕੀਰਾਂ ਦਾ

ਦਰਵੇਸ਼ਾਂ ਦੀ ਜੂਨ ਹੰਢਾਈ

ਦਰ ਦਰ ਵੰਡਣ ਖੈਰ ਗਏ

ਦਰਦ ਦੀ ਚੁਟਕੀ ਦੇਣੀ ਭੁਲ ਗਏ

ਫਲ ਪਾਇਆ ਤਕਸੀਰਾਂ ਦਾ

ਕੰਧਾਂ ਛਾਵੇਂ ਘੂਕ ਪਏ ਸਨ

ਅਚਨ ਅਚਾਨਕ ਕੂਕ ਪਏ

ਕਿਉਂ ਲੰਘਿਆ ਮੈਂ ਏਸ ਗਲੀ ’ਚੋਂ

ਪਹਿਨ ਕੇ ਚੋਲਾ ਲੀਰਾਂ ਦਾ

ਸੁਖਸਾਂਦੀ ਸਾਂ ਸ਼ੌਕ ਸ਼ੌਕ ਵਿਚ

ਰੋਗ ਕੁਲਹਿਣੇ ਲਾ ਬੈਠੇ

ਕਿਉਂ ਵੰਡਿਆ ਮੈਂ ਮੱਥਿਓਂ ਕਢ ਕੇ

ਇਹ ਚੁੱਟਕਾ ਅਕਸੀਰਾਂ ਦਾ

ਖੁਲ੍ਹੀ ਹਵਾ ਵਿਚ ਅਸਾਂ ਉਡਾਏ

ਪਿੰਜਰੇ ਪਿੰਜਰੇ ਜਾ ਬੈਠੇ

ਦੋਸ਼ ਉਨ੍ਹਾਂ ਤਦਬੀਰਾਂ ਦਾ ਸੀ

ਯਾ ਇਨ੍ਹਾਂ ਤਕਦੀਰਾਂ ਦਾ

ਇਸ ਬਗਲੀ ਵਿਚ ਉਹਨਾਂ ਖਾਤਰ

ਅਜੇ ਵੀ ਜਗਮਗ ਦੀਵੇ ਨੇ

ਸਾਨੂੰ ਜਿਨ੍ਹਾਂ ਬੁਝਾਉਣ ਲਈ ਸੀ

ਲਾਇਆ ਜ਼ੋਰ ਅਖ਼ੀਰਾਂ ਦਾ

📝 ਸੋਧ ਲਈ ਭੇਜੋ