ਲੱਖ ਵਾਰੀ ਵਰਗਲਾਇਆ

ਲੱਖ ਵਾਰੀ ਵਰਗਲਾਇਆ ਮੌਤ ਨੇ 

ਲੱਖ ਲਾਲਚ ਤੇ ਸੁਨੇਹੇ ਘਲਦੀ ਰਹੀ 

ਮੈਂ ਯਕੀਨਨ ਹੀ ਖਰੇ ਪਾਸੇ 'ਤੇ ਹਾਂ 

ਜ਼ਿੰਦਗੀ ਤਾਂ ਹੀ ਮਿਰੇ ਵਲ ਦੀ ਰਹੀ

ਲਾਟ ਦੇ ਪੈਰਾਂ 'ਚ ਕੰਡਾ ਚੁੱਭਿਆ 

ਲੱਖ ਭੰਬਟ ਪੀੜ ਚੁੱਗਣ ਬਹਿ ਗਏ 

ਪੀੜ ਵੀ ਹਰ ਪੈਰ 'ਤੇ ਘਟਦੀ ਰਹੀ 

ਰਾਤ ਵੀ ਹਰ ਪੈਰ 'ਤੇ ਢਲਦੀ ਰਹੀ

ਸ਼ਿਅਰ ਮੇਰੇ ਨ੍ਹੇਰਿਆਂ ਵਿਚ ਗੁੰਮ ਗਏ 

ਕੋਠੜੀ ਮੇਰੀ ਸਦਾ ਕਾਲੀ ਰਹੀ 

ਫੇਰ ਦੱਸੋ ਕੀ ਕਰਾਂ ਬਿਜਲੀ ਨੂੰ ਮੈਂ 

ਰਾਤ ਜੋ ਸੜਕਾਂ ’ਤੇ ਹੀ ਜਲਦੀ ਰਹੀ

ਆਖਦੇ ਨੇ ਕਿ ਕਿਸੇ ਮੰਡੀ ਦੇ ਵਿਚ 

ਸੂਰਜਾਂ ਬੋਲੀ ਲਵਾਈ ਆਪਣੀ 

ਰੋਸ਼ਨੀ ਸਾਰੀ ਨੂੰ ਦਿਨ ਹੀ ਲੈ ਗਿਆ 

ਰਾਤ ਬੈਠੀ ਹੱਥ ਹੀ ਮਲਦੀ ਰਹੀ

ਕਿੰਜ ਕੋਮਲ ਹਵਸ ਦਾ ਖਾਜਾ ਬਣੇ 

ਹਵਸ ਇਕ ਉਹ ਸ਼ੈਅ ਜੋ ਮਿਟਦੀ ਨਹੀਂ 

ਠੰਢ ਸੂਰਜ ਨੂੰ ਕਦੀ ਵੀ ਨਾ ਪਈ 

ਬਰਫ਼ ਸਾਰੇ ਜੱਗ ਦੀ ਗਲਦੀ ਰਹੇ

📝 ਸੋਧ ਲਈ ਭੇਜੋ