ਲੰਮੀਆਂ ਸਿਆਲੀ ਰਾਤਾਂ ਕੱਟੀਆਂ ਨਾ ਜਾਂਦੀਆਂ ।
ਸ਼ੂਕਦੀਆਂ,
ਸਾਂ ਸਾਂ ਕਰ ਕੇ ਡਰਾਂਦੀਆਂ ।
ਬੈਠੀ ਬੈਠੀ ਅਪਣੇ ਈ ਨਾਲ ਦੁੱਖ ਪਈ ਫੋਲਾਂ ।
ਸਬਰ ਦੇ ਕਟੋਰੇ ਭਰਾਂ, ਭਰ ਭਰ ਪਈ ਡੋਲ੍ਹਾਂ ।
ਚੰਦਰੀਆਂ ਸੋਚਾਂ ਦੀਆਂ, ਗੰਢਾਂ ਬੰਨ੍ਹ ਬੰਨ੍ਹ ਖੋਲ੍ਹਾਂ ।
ਕਰਾਂ ਮੈਂ ਹਜ਼ਾਰ ਚਾਰੇ,
ਕਿਸੇ ਤਰ੍ਹਾਂ ਪੈਂਡੇ ਇਹ ਦਲੀਲਾਂ ਵਾਲੇ ਮੁੱਕ ਜਾਣ ।
ਚਿੰਤਾ ਦੇ ਖੋਭੇ ਕਦੇ ਸੁੱਕ ਜਾਣ ।
ਕਦੇ ਡਾਹਵਾਂ ਚਰਖਾ, ਅਟੇਰਾਂ ਕਦੇ ਛੱਲੀਆਂ ।
ਡੋਲੀ ਹੋਈ ਜਿੰਦੜੀ ਨੂੰ ਹੋਣ ਨਾ ਤਸੱਲੀਆਂ ।
ਔਸੀਆਂ ਮੈਂ ਪਾਂਦੀ ਥੱਕੀ,
ਕਾਵਾਂ ਨੂੰ ਉਡਾਂਦੀ ਥੱਕੀ ।
ਚਿੱਠੀਆਂ ਦੇ ਵਿਚ ਸਾਰਾ ਹਾਲ ਮੈਂ ਸੁਣਾਂਦੀ ਥੱਕੀ ।
ਖ਼ਤਾਂ ਵਿਚ ਕਦੇ ਦਿਲ ਪਾ ਕੇ ਜੇ ਘੱਲੇ ਜਾਂਦੇ ।
ਆਪੇ ਵੇਖ ਲੈਂਦੇ ਮੇਰੀ ਬਾਬ ਜੋ ਵਿਛੋੜੇ ਕੀਤੀ ।
ਜੋ ਜੋ ਮੇਰੇ ਨਾਲ ਬੀਤੀ ।
ਏਡਾ ਦਿਲ ਪੱਕਾ ਕੀਤਾ ਕਿਹੜੀ ਗਲੇ ਹਾਣੀਆਂ ?
ਅਸਾਂ ਇਹ ਜੁਦਾਈਆਂ ਕਦੋਂ ਤੀਕ ਨੇ ਹੰਢਾਣੀਆਂ ।
ਆਂਢਣਾ ਗਵਾਂਢਣਾ ਤੇ ਸੇਜਾਂ ਨੂੰ ਸ਼ੰਗਾਰ ਕੇ ।
ਸੌਂਦੀਆਂ ਨੇਂ ਰੋਜ਼ ਗਲਵਕੜੀਆਂ ਮਾਰ ਕੇ ।
ਸਾਡੇ ਹੇਠ ਕਦੋਂ ਤਾਈਂ ਮੰਜੀਆਂ ਅਲਾਣੀਆਂ ।
ਪਈਆਂ ਪਈਆਂ ਹੋਣ ਪਈਆਂ,
ਦਾਜ ਦੀਆਂ ਰੇਸ਼ਮੀ ਰਜ਼ਾਈਆਂ ਵੀ ਪੁਰਾਣੀਆਂ ।
ਮੋੜ ਚਾ ਮੁਹਾਰਾਂ ਹੁਣ,
ਹੋਰ ਨਾ ਤਸੀਹੇ ਦੇਹ ।
ਏਹੋ ਜਹੀਆਂ ਖੱਟੀਆਂ ਦੇ ਸਿਰ ਵਿਚ ਪਈ ਖੇਹ ।
ਅਸੀਂ ਭੁੱਖੇ ਚੰਗੇ ਬੀਬਾ, ਰੱਜਣੇ ਦੀ ਲੋੜ ਨਹੀਂ ।
ਏਥੇ ਵੀ ਰੱਬ ਓਹਾ ਰਿਜ਼ਕੇ ਦੀ ਥੋੜ੍ਹ ਨਹੀਂ ।
ਕੱਟੀਆਂ ਨਾ ਜਾਂਦੀਆਂ ਨੇ ਲੰਮੀਆਂ ਸਿਆਲੀ ਰਾਤਾਂ ।
ਦਸਾਂ ਕੀ ਜੋ ਹੋਂਦੀਆਂ ਨੇ ਦਿਲ ਨਾਲ ਵਾਰਦਾਤਾਂ ।