ਉਹ ਵੀ ਦਿਨ ਸਨ, ਹੁਣ ਵੀ ਉਹ ਦਿਨ ਹਨ, 

ਧਰਮਗੜ੍ਹ ਤੋਂ ਦੂਰ ਲੰਮੀ ਸੜਕ ਵਲ ਤੁਰਦਾ ਸਾਂ।

ਮੈਂ ਤੁਰਦਾ ਸਾਂ

ਸਿਖਰ ਦੁਪਹਿਰਾਂ ਦੀ ਧੁੱਪ ਦੇ ਨਸ਼ੇ ਵਿਚ ਡੁੱਬਿਆ 

ਪਿੰਡ ਦੇ ਚਾਅ ਵਿਚ ਉਮ੍ਹਲਦਾ

ਬਾਹਰੋਂ ਚੁੱਪ, ਸੁੰਨ-ਮੂਰਤ !

ਪਰ ਅੰਦਰੋਂ ਖੇਡਾਂ ਖੇਡਦਾ ਬਚਪਨ ਵਾਲੀਆਂ, 

ਤਾਰੇ-ਮੀਰੇ ਦੇ ਖੇਤਾਂ 'ਚ ਹੁੱਲਦਾ 

ਚੜ੍ਹਦੀਆਂ ਕਣਕਾਂ ਨੂੰ 'ਵਾਜਾਂ ਮਾਰਦਾ 

ਮੇਰੇ ਅੰਦਰ ਵੀ ਚੜ੍ਹਦੀਆਂ ਜੁਆਨੀਆਂ !! 

ਤੱਕਦਾ ਬੇਰੀਆਂ ਬੇਰਾਂ ਦੇ ਨਾਲ ਲੱਦੀਆਂ 

ਵੇਖਦਾ ਅਸਮਾਨਾਂ ਦੇ ਨੂਰ ਨੂੰ 

ਜੋ ਪਾਣੀਆਂ ਨੂੰ ਚੁੰਮ੍ਹਦਾ 

ਡੁੰਮ੍ਹਾਂ ਦੀ ਡੂੰਘ ਨੂੰ ਛੇਕਦਾ

ਨਸਦਾ ਜ਼ਰੇ ਜ਼ਰੇ 'ਚ।

ਮੈਂ ਸੋਚਦਾ : ਇਸ ਰੇਤ ਦੇ ਕਿਣਕੇ ਨੂੰ ਮੁੜ ਨਹੀਂ ਦੇਖਣਾ,

ਵੇਖ ਲਵਾਂ ਖਲੋ ਕੇ

ਨਸਾ ਲਿਜਾਵਾਂ ਸਮੇਂ ਨੂੰ ਮਿਰਗਾਂ ਦੀ ਡਾਰ ਵਾਂਗੂੰ। 

ਵੇਖਾਂ, ਸਭ ਕੁੱਝ ਵੇਖਾਂ, ਵੇਖਦਾ ਜਾਵਾਂ,

ਰੋਝਾਂ ਦੇ ਨਾਲ ਜਾਵਾਂ, ਕੱਸੀਆਂ ਦੇ ਨਾਲ ਵੱਗਾਂ, 

ਧਰਤੀਆਂ ਦੇ ਨਾਲ ਸੌਵਾਂ, ਅਰਸ਼ਾਂ ਦੇ ਨਾਲ ਉੱਡਾਂ।

ਮੈਂ ਹਰ ਪਾਸੇ ਨੱਸਾਂ, ਮੈਂ ਹਰ ਵਣ ਲੁੱਕਾਂ,

ਮੈਂ ਹਰ ਬੂਰ ਹੁੱਲਾਂ, ਮੈਂ ਹਰ ਪੌਣ ਨੱਚਾਂ, 

ਮੈਂ ਹਰ ਨਗਰ ਵੱਸਾਂ, ਮੈਂ ਹਰ ਨੂਰ ਲੱਸਾਂ।

📝 ਸੋਧ ਲਈ ਭੇਜੋ