ਅੱਜ ਜਿੱਤ ਗਈ ਲਤ ਸ਼ਰਾਬ ਦੀ
ਤੇ ਉਹ ਆਖਰੀ ਸਾਹ ਵੀ ਹਾਰ ਗਿਆ ।
ਦੌੜ ਕੀਤੀ ਕਿ ਉਹ ਬਚ ਜਾਏ
ਪਰ ਆਖਰੀ ਦਾਅ ਵੀ ਬੇਕਾਰ ਗਿਆ ।।
ਡਾਹਢੀ ਮੌਤ ਨਾਲ ਪਾ ਗਲ਼ਵਕੜੀ
ਰੂਹ ਤੁਰ ਚੱਲੀ ਛੱਡ ਕੇ ਸਰੀਰ ਨੂੰ ।
ਸਾਹ ਹੌਲੇ ਹੁੰਦੇ ਹੁੰਦੇ ਔਖੇ ਹੋ ਗਏ
ਰੁੱਕਦੇ ਰੁੱਕਦੇ ਰੁੱਕ ਗਏ ਅਖੀਰ ਨੂੰ ।।
ਦਿਲ ਧੱਕ ਧੱਕ ਕਰਦਾ ਸੀ ਸ਼ਾਂਤ ਹੋਇਆ
ਅੱਖਾਂ ਖੁੱਲੀਆਂ ਤੇ ਖੁੱਲੀਆਂ ਹੀ ਰਹਿ ਗਈਆਂ ।
ਰੂਹ ਨਿੱਕਲ ਸਰੀਰੋਂ ਤੁੱਰ ਗਈ
ਰੱਬਾ ਡਾਢਿਆ, ਜੁਦਾਈਆਂ ਪੈ ਗਈਆਂ ।।
ਸ਼ਰਾਬ ਪੀਣ ਵਾਲਾ ਇਹ ਸਰੀਰ ਸੀ ਜੋ
ਅੱਜ ਸ਼ਰਾਬ ਨੇ ਹੀ ਮਾਰ ਮੁਕਾ ਦਿੱਤਾ ।
ਪੀ ਕੇ ਹੋ ਜਾਂਦਾ ਸੀ ਦਲੇਰ ਜਿਸਨੂੰ
ਅੱਜ ਉਸੇ ਨੇ ਮਿੱਟੀ 'ਚ ਮਿਲਾ ਦਿੱਤਾ ।।
ਲੱਖਾਂ ਖ਼ਰਚ ਕੇ ਪੈਸੇ ਮੁੱਲ ਮੌਤ ਲਈ
ਲਾਂਬੂ ਆਪਣੇ ਹੀ ਘਰ ਨੂੰ ਲਾਇਆ ਏ ।
ਨਹੀਂ ਰਹਿੰਦਾ ਸੀ ਜਿਸ ਤੋਂ ਬਗੈਰ ਪਲ ਵੀ
ਅੱਜ ਉਸ ਨੇ ਹੀ ਮਾਰ ਮੁਕਾਇਆ ਏ ।।
ਝੂਠਾ ਨਸ਼ਾ ਸੀ ਸ਼ਰਾਬ ਦਾ ਸਿਰ ਚੜ੍ਹਿਆ
ਤੇ ਉਹ ਸੱਚੀਆਂ ਸਮਝ ਨਿਭਾਉਂਦਾ ਰਿਹਾ ।
ਬਣ ਸੱਪਣੀ ਸ਼ਰਾਬ ਰਹੀ ਡੰਗ ਮਾਰਦੀ
ਤੇ ਉਹ ਚੁੰਮ ਚੁੰਮ ਮੂੰਹ ਨੂੰ ਲਾਉਂਦਾ ਰਿਹਾ ।।
ਸਮਝ ਪਾਇਆ ਨਾ ਸ਼ਰਾਬ ਦੀ ਹੇਰਾ ਫੇਰੀ
ਆਖ ਜਿੰਦ ਜਾਨ ਰਿਹਾ ਸੀਨ੍ਹੇ ਨਾਲ ਲਾਉਂਦਾ ।
ਉਹ ਵੀ ਤਿੱਲ-ਤਿੱਲ ਘੁੱਣ ਵਾਂਗ ਰਹੀ ਮਾਰਦੀ
ਲੁੱਟ ਲੈਂਦੀ ਜੋ ਵੀ ਉਹ ਰਿਹਾ ਲੁੱਟਾਉਂਦਾ ।।
ਲਤ ਸ਼ਰਾਬ ਦੀ ਮੂੰਹ ਨੂੰ ਐਸੀ ਲੱਗੀ ਭੈੜੀ
ਮਿੱਠੀ ਛੁਰੀ ਬਣ ਦਿਲ ਤੇ ਰਹੀ ਚੱਲਦੀ ।
ਲੱਖ ਸਮਝਾਇਆ ਇਕ ਨਾ ਮੰਨੀ ਕਿਸੇ ਦੀ
ਵਿਚ ਨਸ਼ੇ ਦੇ ਕਦਰ ਨਾ ਜਾਣੀ ਗੱਲ ਦੀ ।।
ਅੱਜ ਜਿੱਤ ਗਈ ਲਤ ਸ਼ਰਾਬ ਦੀ
ਤੇ ਇਕ ਵਸਦਾ ਘਰ ਉੱਜਾੜ ਗਈ ।
ਸੁੰਨਾ ਹੋ ਗਿਆ ਘਰ ਰੌਣਕ ਭਰਿਆ
ਤੇ ਮਾਪੇ ਜਿਉਂਦਿਆਂ ਨੂੰ ਵੀ ਮਾਰ ਗਈ ।।
ਲੱਖਾਂ ਉਜਾੜੇ ਨੇ ਘਰ ਸ਼ਰਾਬ ਨੇ
ਇਸਨੂੰ ਪੀ ਕੇ ਕੋਈ ਨਾ ਆਬਾਦ ਹੋਇਆ ।
ਜੋ ਵੀ ਫਸਿਆ ਮੋਹਣੀ ਜਾਲ਼ ਇਸਦੇ
ਉਹ ਹੀ ਮਰਿਆ ਕਦੇ ਨਾ ਆਜ਼ਾਦ ਹੋਇਆ ।।