ਲਦਾਖ਼ ਮੂਰਤੀ ਪੱਥਰ ਦੀ

ਲਦਾਖ਼ ਮੂਰਤੀ ਪੱਥਰ ਦੀ

ਕਿਸ ਬੁੱਤ ਤਰਾਸ਼ ਬਣਾਈ ਹੈ?

ਅੰਗ ਸਭ ,ਸੰਗ- ਤਰਾਸ਼ੀ ਕਰਕੇ

ਮੂੰਹੋਂ ਬੋਲਣ ਲਾਈ ਹੈ

ਲਦਾਖ਼ ਮੂਰਤੀ ਪੱਥਰ ਦੀ ...... । 

ਕਦੇ ਜਾਪੇ ਧੀ ਇਹ ਕੁਦਰਤ ਦੀ

ਗਲ਼ ਮਾਲ਼ਾ ਪੱਥਰ-ਪਹਾੜਾਂ ਦੀ

ਨਦੀਆਂ ਦੇ ਵਿੱਚ ਗੀਟੇ ਖੇਡੇ

ਨਟ-ਖਟ ਕੁੜੀ ਪਹਾੜਾਂ ਦੀ

ਝਰਨਿਆਂ ਝੀਲਾਂ ਵਾਦੀਆਂ ਸੰਗ

ਇਸ ਮਿਲ਼ਕੇ ਕਿੱਕਲੀ ਪਾਈ ਹੈ 

ਲਦਾਖ਼ ਮੂਰਤੀ ਪੱਥਰ ਦੀ ... । 

ਇਹਨੂੰ ਵਰ ਹੈ ਬੋਧੀ ਲਾਮਿਆਂ ਦਾ

ਤੇ ਅੱਲਾ ਦੇ ਇਸਲਾਮਿਆਂ ਦਾ

ਇਹਦੇ ਮੱਠ ਸਤੂਪ ਨੇ ਦੂਤ ਸੰਦੇਸ਼ਾ

ਸ਼ਾਂਤੀ ਦੇ ਪ੍ਰਵਾਨਿਆਂ ਦਾ

ਕੁਲ ਆਲਮ ਤੋਂ ਖ਼ਲਕਤ ਵੇਖਣ

ਬਣਕੇ ਪ੍ਰਾਹੁਣੀ ਆਈ ਹੈ

ਲਦਾਖ਼ ਮੂਰਤੀ ਪੱਥਰ ਦੀ ...। 

ਜਿਉਂ ਖੁਜਰਾਹੋ ਦੇ ਮੰਦਰਾਂ ਦੀ

ਅਣਕੱਜ ਸੁੰਦਰਤਾ ਮੋਂਹਦੀ ਹੈ

ਬੇਸਬਜ਼ ਪਹਾੜਾਂ ਦੀ ਵੀ ਉਵੇਂ

ਕਾਇਨਾਤੀ ਲੀਲ੍ਹਾ  ਸੋਹੰਦੀ ਹੈ

ਨਦੀਆਂ ਦੀਆਂ ਵਾਦੀਆਂ ਅੰਦਰ

ਕਿਤੇ ਕਿਤੇ ਹਰਿਅਈ ਹੈ

ਲਦਾਖ਼ ਮੂਰਤੀ ਪੱਥਰ ਦੀ ...। 

📝 ਸੋਧ ਲਈ ਭੇਜੋ