ਲਹਿਰਾਂ ਸਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ,
ਸਾਥੋਂ ਮੋਹ ਤੋੜ ਹੋਇਆ ਨਾ ਕਿਨਾਰਿਆਂ ਦੇ ਨਾਲ।
ਐਵੇਂ ਹੇਜ ਨਾ ਵਖਾਲ ਸਾਡੇ ਢਾਰਿਆਂ ਦੇ ਨਾਲ,
ਤੇਰਾ ਆਉਣ ਜਾਣ ਉੱਚਿਆਂ ਚੁਬਾਰਿਆਂ ਦੇ ਨਾਲ।
ਜਾਓ ਲਭ ਕੇ ਲਿਆਓ ਕਿਥੇ ਰਹੀ ਓਹ ਨਜ਼ਰ,
ਜਿਹੜੀ ਉਲਝੀ ਸੀ ਸੋਹਣਿਆਂ ਨਜ਼ਾਰਿਆਂ ਦੇ ਨਾਲ।
ਅੱਗੇ ਤੁਰਿਆ ਨਾ ਜਾਏ ਪਿੱਛੇ ਪਰਤਿਆ ਨਾ ਜਾਏ,
ਕਿਨ੍ਹਾਂ ਰਾਹਾਂ ਉੱਤੇ ਆਏ ਤੇਰੇ ਲਾਰਿਆਂ ਦੇ ਨਾਲ।
ਅੱਜ ਭਟਕਦੇ ਖ਼ਿਆਲ ਵਾ-ਵਰੋਲਿਆਂ ਦੇ ਵਾਂਗ,
ਕਲ੍ਹ ਖੇਡਦੇ ਸੀ ਰੰਗਲੇ ਗ਼ੁਬਾਰਿਆਂ ਦੇ ਨਾਲ।