ਲਹਿਰਾਂ, ਉਛਲ ਉਛਲ ਕੇ ਆਣ

ਲਹਿਰਾਂ, ਮਚਲ ਮਚਲ ਕੇ ਜਾਣ

ਨੀਲੇ ਜਲ ਦੇ ਸੀਨੇ ਉੱਤੇ

ਇਕ ਦੂਜੀ ਦੀਆਂ ਬਾਹਾਂ ਫੜਕੇ

ਝੁੰਮਰ ਕੋਈ ਪਾਣ

ਨਚ ਨਚ ਪਾਗਲ ਹੋਈਆਂ ਹੀਰਾਂ

ਵੰਝਲੀ ਦੀ ਮਿਠੜੀ ਲੈ ਸੁਣ ਕੇ

ਝੂੰਮ ਝੂੰਮ ਲਹਿਰਾਣ

ਥਕ ਥਕ ਜਾਵਣ ਪੈਰ ਇਨ੍ਹਾਂ ਦੇ

ਕੰਢੇ ਦੀਆਂ ਬਾਹਾਂ ਵਿਚ ਸੌਂ ਕੇ

ਹਿੱਕੜੀ ਨੂੰ ਗਰਮਾਣ

ਰਾਤੀਂ ਇਹਨਾਂ ਦੇ ਵਿਹੜੇ ਅੰਦਰ

ਚੰਨ-ਚਾਨਣੀ, ਤਾਰੇ ਦੀ ਲੋਅ

ਮਿੱਠਾ ਮਿੱਠਾ ਮੁਸਕਾਨ

ਚਿੱਟੀਆਂ ਚਿੱਟੀਆਂ ਚੰਨ ਦੀਆਂ ਇਸ਼ਮਾਂ

ਲਹਿਰਾਂ ਦੇ ਸੀਨੇ ਨੂੰ ਚੁੰਮ ਕੇ

ਪਰਛਾਵੀਂ ਲੁਕ ਜਾਣ

ਜਦ ਸਮੀਰ ਦਾ ਬੁੱਲਾ ਆਵੇ

ਜਾਗ ਪੈਣ ਅੰਗੜਾਈ ਲੈ ਕੇ

ਅੱਧ-ਸੁੱਤੇ ਅਰਮਾਨ

ਸੂਹੀਆਂ-ਸੂਹੀਆਂ ਸੂਰਜ-ਕਿਰਨਾਂ

ਲਹਿਰਾਂ ਦੇ ਕੋਮਲ ਹੋਠਾਂ ਨੂੰ

ਰੰਗਲੀ ਸੁਰਖ਼ੀ ਲਾਣ

ਵੇ ਮਾਹੀ ! ਹਾਂ ਨੀ ਚੰਨੀਏਂ,

ਲਹਿਰਾਂ ਤੇ ਕੰਢਿਆਂ ਦੇ ਵਾਂਗੂੰ

ਪਾ ਲਈਏ ਪਹਿਚਾਣ

ਉਛਲ ਉਛਲ ਕੇ ਲਹਿਰਾਂ ਆਣ

ਮਚਲ ਮਚਲ ਕੇ ਲਹਿਰਾਂ ਜਾਣ

📝 ਸੋਧ ਲਈ ਭੇਜੋ