ਕੁਝ ਕੁ ਬੌਣੇ, ਕੁਝ ਕੁ ਲੋੜੋਂ ਵੱਧ ਵੱਡੇ ਹੋ ਗਏ ।
ਲੋਕ ਮੇਰੇ ਸ਼ਹਿਰ ਦੇ ਸਭ ਬੇ-ਹਿਸਾਬੇ ਹੋ ਗਏ ।
ਸ਼ਹਿਰ ਜਿਸ ਵਿੱਚ, ਵਸਤੂਆਂ ਨੂੰ ਵੇਚਣਾ ਵੀ ਪਾਪ ਸੀ,
ਦੇਖ ਓਸੇ ਸ਼ਹਿਰ ਵਿੱਚ, ਨੀਲਾਮ ਬੰਦੇ ਹੋ ਗਏ ।
ਰੁੱਤ ਬਦਲੀ, ਗੋਦ ਸ਼ਾਖਾਂ ਦੀ ਪਲਾਂ ਵਿੱਚ ਭਰ ਗਈ,
ਪੁੰਗਰੇ ਪੱਤੇ ਨਵੇਂ, ਜਿਉਂ ਬਾਲ-ਬੱਚੇ ਹੋ ਗਏ ।
ਜਿਸਮ ਦੀ ਫ਼ੱਟੀ ਸੀ ਗਿੱਲੀ, ਹੱਥ ਵੱਜਾ ਵਕਤ ਦਾ,
ਨਖ਼ਰਿਆਂ ਦੇ ਖ਼ੂਬਸੂਰਤ ਲਫ਼ਜ਼, ਧੱਬੇ ਹੋ ਗਏ ।
ਮੁਲਕ ਮੇਰੇ ਦੀ ਸਿਆਸਤ, ਹੈ ਸਰੋਵਰ ਉਹ ਅਜਬ,
ਜਿਸ ‘ਚ ਤਾਰੀ ਲਾਉਂਦਿਆਂ ਹੀ, ਕਾਗ ਬਗਲੇ ਹੋ ਗਏ ।
ਹੁਣ ਅਸਾਡੇ ਰਸਤਿਆਂ ਵਿੱਚ, ਆਣ ਭੱਖੜੇ ਸੋਚ ਕੇ,
ਹੁਣ ਅਸਾਡੇ ਹੱਥ ਕਹੀਆਂ, ਪੈਰ ਰੰਬੇ ਹੋ ਗਏ ।