ਲੋਕਾਂ ਨੂੰ ਪੁਕਾਰ

ਅਰਜ ਗੁਜਾਰਾਂ ਦੋਵੇਂ ਹੱਥ ਜੋੜ ਕੇ ਜੀ,

ਕਦੇ ਰੁੱਖ ਨੂੰ ਫੇਰੋ ਨਾ ਆਰੀ ਲੋਕੋ।

ਇਹ ਤਾਂ ਸਦਾ ਸਾਡੀ ਸੁੱਖ ਮੰਗਦੇ ਜੀ,

ਦਿੰਦੇ ਠੰਡੜੀ ਛਾਂ ਬਸ ਪਿਆਰੀ ਲੋਕੋ।

ਵੱਢ ਆਪਣਾ ਘਰ ਸਜਾਵਦੇ ਜੀ,

ਕਿਉਂ ਮੱਤ ਤੁਹਾਡੀ ਗਈ ਮਾਰੀ ਲੋਕੋ।

ਰਿਹਾ ਰੁੱਖ ਨਾ ਇੱਕ ਜੇ ਧਰਤ ਤੇ ਜੀ,

ਬੰਜਰ ਬਣ ਜੂ ਸਾਰੀ ਦੀ ਸਾਰੀ ਲੋਕੋ।

ਸਾਡੀ ਧਰਤੀ ਦੀ ਸ਼ਾਨ ਇਹ ਰੁੱਖ ਨੇ ਜੀ,

ਬਿਨਾ ਰੁੱਖਾਂ ਦੇ ਜਿੰਦ ਲੱਗੂ ਖਾਰੀ ਲੋਕੋ।

ਆਖੋ ਸਭ ਨੂੰ ਕੁਦਰਤ ਦੇ ਯਾਰ ਜੀ,

ਝੂਠ ਬੋਲ ਕੇ ਕਿਉਂ ਜਾਂਦੇ ਚਾਰੀ ਲੋਕੋ।

ਪੁੱਟ- ਪੁੱਟ ਕੇ ਰੁੱਖਾਂ ਨੂੰ ਸੁੱਟਦੇ ਜੀ,

ਹਿੱਕ ਧਰਤੀ ਦੀ ਕਦੇ ਨਾ ਠਾਰੀ ਲੋਕੋ।

ਮਾੜੇ ਕੰਮੀ ਹੁੰਦਾ ਜੱਗ ਤੇ ਮਾੜਾ ਹੀ ਜੀ,

ਜਾਣਾ ਸਭ ਨੇ ਮਾਰ ਉਡਾਰੀ ਲੋਕੋ।

ਰੁੱਖਾਂ ਨਾਲ ਹੀ ਸਾਹ ਸਾਡੇ ਚਲਦੇ ਜੀ,

ਮੁੱਕੂ ਦੁਨੀਆ ਜੋ ਲਗਦੀ ਪਿਆਰੀ ਲੋਕੋ।

ਵਾਸਤੇ ਪਾ ਪਾ ਆਖਰ ਨੂੰ ਥੱਕਿਆ ਜੀ,

ਕਲਮ ਸੁੱਖੇ ਦੀ ਲਿਖ ਕੇ ਹਾਰੀ ਲੋਕੋ।

📝 ਸੋਧ ਲਈ ਭੇਜੋ