ਠੰਢੇ ਸਾਗਰਾਂ ਦੇ ਸੁਪਨੇ ਲੈਂਦੀਆਂ,
ਲੂੰਆਂ ਆਈਆਂ ਫੁੱਲਾਂ ਦੇ ਘਾਟ ਵੇ ।
ਵੇ ਇਹ ਰੰਗਾਂ ਦੇ ਚਸ਼ਮੇ ਤੇ ਆਣ ਕੇ,
ਬਣ ਗਈਆਂ ਨੇ ਕੈਸ ਦੀ ਜ਼ਾਤ ਵੇ ।
ਵੇ ਇਹ ਜਾਣਨ ਨ ਜਾਣਨ ਨ ਕਮਲੀਆਂ
ਰੁੱਠੇ ਸੱਜਨਾਂ ਦੇ ਸੀਨੇ 'ਚ ਖਾਰ ਵੇ ।
ਵੇ ਇਹ ਤੱਤੀਆਂ ਦੇ ਪੈਂਡੇ ਅੰਦਰਾਂ,
ਮੌਤ ਖੋਲੇਗੀ ਸਿਵਿਆਂ ਦੇ ਬਾਰ ਵੇ ।
ਧੀਆਂ ਚੱਲੀਆਂ ਵੈਰਾਗਨਾਂ ਤੱਤੀਆਂ
ਪਾ ਬਾਬਲ ਦੇ ਦੇਸ਼ ਤੇ ਝਾਤ ਵੇ ।
ਸਾਜਨ ਠਾਰਸੀ ਹਿੱਕ ਨੂੰ ਕਿਸ ਤਰ੍ਹਾਂ ?
ਪੀ ਕੇ ਚੱਲੀਆਂ ਨੇ ਸੂਰਜ ਦੀ ਲਾਟ ਵੇ ।
ਲੂੰਆਂ ਲੰਘੀਆਂ ਸਰੋਵਰਾਂ ਕੋਲ ਦੀ
ਜਾਗੇ ਪਾਣੀ ਦੇ ਸੈਆਂ ਹੀ ਘੁੱਟ ਵੇ ।
ਛੰਭ ਵਾਜਾਂ ਹੀ ਰਹੇ ਬਸ ਮਾਰਦੇ
ਤੱਤੀ ਧਰਤ ਦੇ ਅੰਙਨਾ ਉੱਠ ਵੇ ।
ਲੂੰਆਂ ਕਪੜੇ ਮੈਲੇ ਪਾ ਚਲੀਆਂ,
ਰਾਹ ਵਿੱਚ ਚੰਨ ਦੀ ਆਉਣੀ ਏਂ ਰਾਤ ਵੇ ।
ਕਿਰਨਾਂ ਧੋਬਨਾਂ ਕਰਨਗੀਆਂ ਖੜਕ ਉੱਠ
ਭਰੇ ਨੀਂਦਰਾਂ ਗੰਧਾਂ ਦੇ ਘਾਟ ਵੇ ।
ਨੀਲਮ ਦੇਸ ਦੀ ਜੂਹ ਵੀ ਝਲਕਦੀ
ਪੀਤੀ ਲੂੰਆਂ ਨੇ ਰੱਜ ਪ੍ਰਭਾਤ ਵੇ ।
ਨਾਪਿਆ ਨਿੱਕੀ ਜਹੀ ਹਿੱਕ ਵਿੱਚ ਯਾਰ ਨੂੰ
ਭਰੀ ਨਾਚਾਂ ਦੇ ਨਾਲ ਉਂਘਲਾਟ ਵੇ ।
ਪੰਛੀ ਚੰਨ ਦਾ ਅੰਬਰੀਂ ਉੱਡਿਆ
ਤੱਕਨ ਆਇਆ ਸੁਹਾਗ ਦੀ ਰਾਤ ਵੇ ।
ਸਾਗਰ ਲਹਿਰਾਂ ਦੀ ਜੀਭਾਂ ਨਾ' ਬੋਲਿਆ
ਹੋਈ ਗੀਤਾਂ ਵਿੱਚ ਇਸ਼ਕ ਦੀ ਬਾਤ ਵੇ ।
ਲੂੰਆਂ ਗਰਭ ਦੀ ਦਾਤ ਲੈ ਚੱਲੀਆਂ
ਭਰਨ ਪੇਕਿਆਂ ਵੱਲ ਉਲਾਂਘ ਵੇ ।
ਸੁਆਗਤ ਸੱਜਨ-ਨਿਸ਼ਾਨੀਂ ਦਾ ਕਰਨ ਲਈ
ਚਮਕਣ ਬਿੱਜਲੀਆਂ ਸੁਪਨਿਆਂ ਵਾਂਗ ਵੇ ।