ਅੰਬਰ ਦਾ ਜਦ ਕੰਬਲ ਲੈ ਕੇ

ਧਰਤੀ ਕੱਲ੍ਹ ਦੀ ਸੁੱਤੀ

ਮੈਨੂੰ ਧਰਤੀ ਲੁੱਚੀ ਜਾਪੀ

ਮੈਨੂੰ ਜਾਪੀ ਕੁੱਤੀ

ਸਦਾ ਹੀ ਰਾਜ-ਘਰਾਂ ਸੰਗ ਸੁੱਤੀ

ਰਾਜ-ਘਰਾਂ ਸੰਗ ਉੱਠੀ

ਝੁੱਗੀਆਂ ਦੇ ਸੰਗ ਜਦ ਵੀ ਬੋਲੀ

ਬੋਲੀ ਸਦਾ ਹੀ ਰੁੱਖੀ।

ਇਹ ਗੱਲ ਵੱਖਰੀ ਹੈ ਕਿ ਉਨ੍ਹਾਂ

ਅੱਖੀਆਂ ਉਪਰ ਚੁੱਕੀ

ਉਹ ਇਹਨੂੰ 'ਮਾਂ' ਕਹਿੰਦੇ ਹਨ

ਭਾਵੇਂ ਇਹ ਕਪੁੱਤੀ

ਉਨ੍ਹਾਂ ਇਹਨੂੰ ਲਾਡ ਲਡਾਇਆ

ਪਰ ਇਹ ਰੁੱਸੀ-ਰੁੱਸੀ

ਕਈ ਵਾਰੀ ਇਹਦੀ ਇੱਜ਼ਤ ਰਲ ਕੇ

ਸੌ ਸਿਕੰਦਰਾਂ ਲੁਟੀ

ਇਹਨੇ ਰਾਜ-ਘਰਾਂ 'ਚੋਂ ਕੇ

ਫਿਰ ਵੀ ਬਾਤ ਨਾ ਪੁੱਛੀ

ਅੱਜ ਤੋਂ ਮੈਂ ਇਹਨੂੰ ਲੁੱਚੀ ਕਹਿੰਦਾ

ਅੱਜ ਤੋਂ ਮੈਂ ਇਹਨੂੰ ਕੁੱਤੀ

ਕੱਲ ਤਕ ਜਿਹੜੀ ਮਾਂ ਵਾਕਣ ਮੈਂ

ਅੱਖੀਆਂ 'ਤੇ ਸੀ ਚੁੱਕੀ

📝 ਸੋਧ ਲਈ ਭੇਜੋ