ਮਾਂਵਾਂ
ਬੱਚਿਆਂ ਦੇ ਸਿਰਾਂ ਦੀਆਂ
ਛਾਂਵਾਂ ਹੁੰਦੀਆਂ ਨੇ
ਪਰ ਇੱਕ ਨਾ ਇੱਕ ਦਿਨ
ਉੱਠ ਜਾਂਦੀਆਂ ਨੇ
ਉਹਨਾ ਦੇ ਸਿਰਾਂ ਤੋਂ
ਜ਼ਿੰਦਗੀ ਦਾ ਸਫ਼ਰ ਪੂਰਾ ਕਰਕੇ
ਤੁਰ ਜਾਂਦੀਆਂ ਨੇ
ਉਹਨਾਂ ਨੂੰ
ਤਿੱਖੜ ਦੁਪਹਿਰਾਂ ਦੀਆਂ ਤਪਦੀਆਂ ਧੁੱਪਾਂ ਵਿੱਚ ਛੱਡਕੇ
ਮਾਂ-ਮਹਿੱਟਰ ਕਰਕੇ।
ਪਰ ਉਹਨਾਂ ਅਣਸਾਂ ਦੀਆਂ ਮਾਵਾਂ
ਹਮੇਸ਼ਾ ਜ਼ਿੰਦਾ ਰਹਿੰਦੀਆਂ ਨੇ
ਜੋ ਆਪਣੀਆਂ ਮਾਂ-ਬੋਲੀਆਂ
ਜ਼ਿੰਦਾ ਰੱਖਦੀਆਂ ਨੇ
ਮਾਂ-ਬੋਲੀਆਂ ਵੀ ਮਾਂਵਾਂ ਹੁੰਦੀਆਂ ਨੇ
ਮਾਂ-ਬੋਲੀ ਬੋਲਣ ਵਾਲਿਆਂ ਦੀਆਂ
ਅਮਰ ਮਾਂਵਾਂ।
ਮਾਂਵਾਂ ਬੱਚਿਆਂ ਦੀਆਂ ਮਾਂਵਾਂ ਹੁੰਦੀਆਂ ਨੇ
ਮਾਂ ਬੋਲੀਆਂ ਕੌਮਾਂ ਕਬੀਲਿਆਂ ਦੀਆਂ ਵੀ
ਮਾਂਵਾਂ ਹੁੰਦੀਆਂ ਨੇ।
ਸ਼ਾਲ਼ਾ ! ਮਾਂ ਬੋਲੀ-ਮਾਂਵਾਂ ਸਦਾ ਸਲਾਮਤ ਰਹਿਣ
ਸਗਲ ਧਰਤ ਤੇ ਰੰਗ ਬਰੰਗੇ ਫੁੱਲਾਂ ਦੀ
ਫ਼ੁੱਲਵਾੜੀ ਵਾਂਗ ਖਿੜੀਆਂ ਕੌਮਾਂ ਦੇ ਸਿਰ ਦੀਆਂ
ਬਹੁਰੰਗੀ-ਬੋਲੀਆਂ ਦੀਆਂ ਛਾਂਵਾਂ
ਸਦਾ ਕਾਇਮ ਰਹਿਣ
ਕੁੱਲ ਆਲਮ ਦੀਆਂ ਮਾਂ - ਬੋਲੀ ਮਾਂਵਾਂ
ਆਓ ! ਮਾਂ ਬੋਲੀਆਂ ਬਚਾਈਏ
ਤੇ ਮਾਂਵਾਂ ਨੂੰ ਅਮਰ ਬਣਾਈਏ ।