ਮਾਂ ਹੋਈ ਮਤਰੇਈ

ਜਦੋਂ ਦਾ ਮਿੱਟੀ ਵਿੱਚ ਜਾਗ ਪਿਆ ਚਾਨਣਾ

ਲੁੱਚੀ ਲੁੱਚੀ ਅੱਖੇ ਮੈਨੂੰ ਵੇਖਦੀਆਂ

ਦੂਤੀਆਂ ਗੁਵਾਂਢਣਾਂ

ਤਿੜਕ ਤਿੜਕ ਬੁੜ੍ਹਕਦੀਆਂ ਗਲੀ ਵਿੱਚ ਗੱਲਾਂ

ਜਿਵੇਂ ਭੱਠੀ ਵਿੱਚ ਭੁੱਜੇ ਮਕੇਈ

ਮਾਂ ਮੇਰੀ ਹੋਈ ਮਤਰੇਈ

ਦਾਦੀ ਦੇ ਸਿਵੇ ਵਾਂਗ ਰੋਜ਼ ਮਾਂ ਬਲਦੀ

ਲਾਟ ਉਦ੍ਹੇ ਮੰਜੇ ਤੋਂ ਬਾਬਲ ਵੱਲ ਚਲਦੀ

'ਘਰੇ ਤੇਰੇ ਜੰਗਲੀ ਜਨੌਰ

ਇਹਨੂੰ ਜੰਗਲ ਦੇ ਵੱਲ ਤੋਰ'

ਰਾਜੇ ਨੂੰ ਆਖੇ ਕੈਕੇਈ

ਖਾਣ ਲਈ ਦਿੱਤੇ ਹੁਣ ਟੁੱਕਰ ਵੀ ਗਿਣਦੀ

ਪਾਟੇ ਪੁਰਾਣੇ ਨਾਲ ਨਵਾਂ ਝੱਗਾ ਮਿਣਦੀ

ਲੋਕਾਂ ਨੂੰ ਆਖੇ ਬਸ ਥੋੜ੍ਹੇ ਹੀ ਦਿਨ ਦੀ

ਨ੍ਹਾਊਂਗੀ ਮੈਂ ਗੰਗਾ

ਵੰਡੂੰਗੀ ਮੈਂ ਥੇਈ

ਦੁੱਧ ਦੀ ਨਦੀ ਨਿਰੇ ਪਾਣੀ ਦੀ ਹੋ ਗਈ

ਪਾਣੀ ਦੀ ਧਾਰ ਵੀ ਰੇਤੇ ਵਿੱਚ ਖੋ ਗਈ

ਵਿੱਛੜ ਕੇ ਰੋਣ ਵਾਲੀ ਰੱਖ ਕੇ ਵੀ ਰੋ ਪਈ

ਤੱਤੀ ਤੱਤੀ ਤਵੇ ਤੋਂ ਲਾਹ ਕੇ ਦੇਣ ਵਾਲੀ

ਗੱਲ ਕਰੇ ਬੇਹੀ ਤਰਬੇਹੀ

ਮਾਂ ਮੇਰੀ ਹੋਈ ਮਤਰੇਈ

📝 ਸੋਧ ਲਈ ਭੇਜੋ