ਜਦ ਮੈਂ ਬੇਹੱਦ ਤਣਾਓ 'ਚ ਹੋਵਾਂ
ਮੈ ਮਾਂ ਨਾਲ਼ ਲੜ ਪੈਨਾ ਵਾਂ
ਕਿਉਂਕਿ ਉਦੋਂ ਮੇਰਾ ਜ਼ੋਰ
ਸਿਰਫ਼ ਮਾਂ 'ਤੇ ਹੀ ਚਲਦਾ ਹੈ
ਮਾਂ ਨੂੰ ਕਈ ਗੱਲਾਂ ਗੁੱਸੇ ਵਿੱਚ
ਬੋਲ ਜਾਨਾ
ਕੌੜੀਆਂ ਕੁਸੈਲੀਆਂ ਖਰ੍ਹਵੀਆਂ
ਬੋਲ ਕਬੋਲ ਵੀ ਬੋਲ ਜਾਨਾ
ਪਰ ਮਾਂ ਸ਼ਾਂਤ ਰਹਿੰਦੀ ਹੈ
ਕਿਉਂਕਿ ਮਾਂ ਜਾਣਦੀ ਹੈ
ਇਹ ਗੱਲਾਂ
ਬੋਲ ਕਬੋਲ
ਸ਼ਬਦ ,ਵਾਕ
ਖ਼ੁਦ ਉਸਦੇ ਹੀ
ਮਾਂ-ਬੋਲੀ ਰਾਹੀਂ
ਸਿਖਾਏ ਹੋਏ ਨੇ
ਉਹ ਬਸ ਏਨਾ ਕਹਿੰਦੀ ਹੈ :
‘ਪਿਓ 'ਤੇ ਗਿਆ ਬਿਲਕੁਲ
ਉਹ ਵੀ ਇੰਜ ਹੀ ਕਰਦਾ ਸੀ’
ਮਾਂ ਨੂੰ ਕੋਈ ਗੁੱਸਾ ਨਹੀਂ ਆਉਂਦਾ
ਮੇਰਾ ਗੁੱਸਾ ਹੋਰ ਵਧ ਜਾਂਦਾ ਹੈ
ਮੈਂ ਹੋਰ ਲੜਦਾ ਹਾਂ
ਪਰ ਮਾਂ ਤਾਂ ਵੀ ਸ਼ਾਂਤ ਰਹਿੰਦੀ ਹੈ
ਮੈ ਮਾਂ ਨਾਲ਼ ਲੜਨ ਦਾ ਕੋਈ ਹੋਰ ਹਥਿਆਰ
ਲੱਭਣ ਲੱਗ ਪੈਂਦਾ ਹਾਂ
ਤੇ ਕਾਮਯਾਬ ਹੋ ਜਾਂਦਾ ਹਾਂ
ਮੈਂ ਅਗਲੇ ਡੰਗ ਰੋਟੀ ਛੱਡ ਦਿੰਦਾ ਹਾਂ।